
ਸਵਰਨ ਸਿੰਘ ਉਰਫ਼ ਜੀਵਨ ਫੌਜੀ ਨੇ ਦੇਸ਼ ਵਿਰੋਧੀ ਕੰਮ ਕਰਕੇ ਉਸਦੀ ਜਿ਼ੰਦਗੀ ਬਰਬਾਦ ਕਰ ਦਿੱਤੀ ਹੈ : ਮਾਂ ਹਰਜਿੰਦਰ ਕੌਰ
- by Jasbeer Singh
- December 18, 2024

ਸਵਰਨ ਸਿੰਘ ਉਰਫ਼ ਜੀਵਨ ਫੌਜੀ ਨੇ ਦੇਸ਼ ਵਿਰੋਧੀ ਕੰਮ ਕਰਕੇ ਉਸਦੀ ਜਿ਼ੰਦਗੀ ਬਰਬਾਦ ਕਰ ਦਿੱਤੀ ਹੈ : ਮਾਂ ਹਰਜਿੰਦਰ ਕੌਰ ਬਟਾਲਾ : ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਵਿਚ ਹੋਏ ਧਮਾਕੇ ਦੀ ਜਿੰਮੇਵਾਰੀ ਲੈਣ ਵਾਲੇ ਸਵਰਨ ਸਿੰਘ ਉਰਫ ਜੀਵਨ ਫੌਜੀ ਜਿਸਦਾ ਕਿ ਘਰ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਸ਼ਹਿਜ਼ਾਦਾ ਕਲਾਂ ਹੈ ਵਲੋਂ ਕੀਤੇ ਜਾ ਰਹੇ ਦੇਸ਼ ਵਿਰੋਧੀ ਕੰਮਾਂ ਨੂੰ ਲੈ ਕੇ ਦੁਖੀ ਉਸ ਦੀ ਮਾਤਾ ਹਰਜਿੰਦਰ ਕੌਰ ਨੇੇ ਕਿਹਾ ਕਿ ਉਸ ਦੇ ਪੁੱਤਰ ਨੇ ਉਸ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ । ਅੰਮ੍ਰਿਤਸਰ ਦੇ ਥਾਣੇ ’ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੀਵਨ ਫੌਜੀ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ ਹੈ । ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਵਾਇਰਲ ਹੋਣ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਜੀਵਨ ਫੌਜੀ ਦੇ ਪਿੰਡ ਸ਼ਹਿਜ਼ਾਦਾ ਕਲਾਂ ਪਹੁੰਚੀ, ਜਿੱਥੇ ਉਸ ਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਦੋ ਧੀਆਂ ਹਨ । ਉਸ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਸਵਰਨ ਸਿੰਘ ਉਰਫ ਜੀਵਨ ਫੌਜੀ ਨੂੰ ਬੜੇ ਚਾਅ ਦੇ ਨਾਲ 2018 ਵਿਚ ਫੌਜ ’ਚ ਭਰਤੀ ਕਰਵਾਇਆ ਸੀ ਅਤੇ ਉਸ ਨੇ ਵੱਖ-ਵੱਖ ਥਾਵਾਂ ’ਤੇ ਕਰੀਬ ਸੱਤ ਸਾਲ ਫੌਜ ’ਚ ਸੇਵਾ ਵੀ ਨਿਭਾਈ ਹੈ । ਮਾਤਾ ਹਰਜਿੰਦਰ ਕੌਰ ਨੇ ਕਿਹਾ ਕਿ ਕਰੀਬ ਨੌ ਮਹੀਨੇ ਪਹਿਲਾਂ ਉਹ ਫੌਜ ਤੋਂ ਭਗੌੜਾ ਹੋ ਗਿਆ ਸੀ, ਜਿਸ ਬਾਰੇ ਉਸ ਨੂੰ ਉਸ ਵੇਲੇ ਪਤਾ ਲੱਗਾ, ਜਦ ਉਸਦੀ ਇੱਕ ਤਸਵੀਰ ਵਿਦੇਸ਼ ’ਚੋਂ ਵਾਇਰਲ ਹੋਈ। ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਉਸ ਦੇ ਕੀਤੇ ਜਾ ਰਹੇ ਦੇਸ਼ ਵਿਰੋਧੀ ਕੰਮਾਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਸ ਨੇ ਕਦੀ ਉਸ ਨੂੰ ਫੋਨ ਕੀਤਾ । ਹਰਜਿੰਦਰ ਕੌਰ ਨੇ ਕਿਹਾ ਕਿ ਜੋ ਦੇਸ਼ ਵਿਰੋਧੀ ਗਤੀਵਿਧੀਆਂ ਕੀਤੀਆਂ ਉਸ ਨਾਲ ਉਸ ਨੂੰ ਭਾਰੀ ਮਾਨਸਿਕ ਸੱਟ ਵੱਜੀ ਹੈ । ਉਸ ਨੇ ਕਿਹਾ ਕਿ ਉਸ ਨੂੰ ਆਸ ਸੀ ਕਿ ਉਸ ਦਾ ਪੁੱਤਰ ਫੌਜ ’ਚ ਸੇਵਾ ਕਰਦਿਆਂ ਘਰ ਦੀ ਗਰੀਬੀ ਦੂਰ ਕਰੇਗਾ, ਪਰ ਗੈਂਗਸਟਰ ਬਣ ਕੇ ਉਸ ਨੇ ਉਸ ਦਾ ਜੀਵਨ ਬਰਬਾਦ ਕਰ ਦਿੱਤਾ ਹੈ । ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਰੀਬ ਪੰਜ ਦਿਨ ਪੁਲਸ ਨੇ ਉਸ ਨੂੰ ਹਿਰਾਸਤ ’ਚ ਰੱਖ ਕੇ ਪ੍ਰੇਸ਼ਾਨ ਕੀਤਾ ਸੀ। ਉਸ ਨੇ ਕਿਹਾ ਕਿ ਜੀਵਨ ਫੌਜੀ ਦੀਆਂ ਗਤੀਵਿਧੀਆਂ ਨਾਲ ਉਸ ਦਾ ਆਂਢ ਗਵਾਂਢ ਵੀ ਉਸ ਦਾ ਹਾਲ ਚਾਲ ਨਹੀਂ ਪੁੱਛਦਾ ।
Related Post
Popular News
Hot Categories
Subscribe To Our Newsletter
No spam, notifications only about new products, updates.