
ਟੀ-20 ਵਿਸ਼ਵ ਕੱਪ: ਅਫ਼ਗਾਨਿਸਤਾਨ ਨੇ ਸੈਮੀ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
- by Aaksh News
- June 26, 2024

ਅਫ਼ਗਾਨਿਸਤਾਨ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਦੇ ਮੈਚ ਵਿੱਚ ਬੰਗਲਾਦੇਸ਼ ਨੂੰ ਡਕਵਰਥ ਲੁਈਸ ਵਿਧੀ ਰਾਹੀਂ ਅੱਠ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਰਾਜਨੀਤਕ ਅਸਥਿਰਤਾ ਅਤੇ ਅਭਿਆਸ ਲਈ ਦੇਸ਼ ਵਿੱਚ ਆਪਣੇ ਮੈਦਾਨ ਨਾ ਹੋਣ ਦੇ ਬਾਵਜੂਦ ਅਫ਼ਗਾਨਿਸਤਾਨ ਨੇ ਇਤਿਹਾਸ ਰਚ ਦਿੱਤਾ। ਅਫ਼ਗਾਨਿਸਤਾਨ ਦੀ ਇਸ ਜਿੱਤ ਨਾਲ ਆਸਟਰੇਲੀਆ ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ ਹੈ। ਹੁਣ 27 ਜੂਨ ਨੂੰ ਸੈਮੀ ਫਾਈਨਲ ’ਚ ਅਫ਼ਗਾਨਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ ਜਦਕਿ ਦੂਜੇ ਸੈਮੀ ਫਾਈਨਲ ਵਿੱਚ ਭਾਰਤ ਅਤੇ ਇੰਗਲੈਂਡ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਫ਼ਗਾਨਿਸਤਾਨ ਨੂੰ ਪੰਜ ਵਿਕਟਾਂ ’ਤੇ 115 ਦੌੜਾਂ ’ਤੇ ਰੋਕ ਦਿੱਤਾ। ਲੈੱਗ ਸਪਿੰਨਰ ਰਿਸ਼ਾਦ ਹੁਸੈਨ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ਾਨਦਾਰ ਲੈਅ ’ਚ ਚੱਲ ਰਿਹਾ ਅਫ਼ਗਾਨਿਸਤਾਨ ਦਾ ਸਲਾਮੀ ਬੱਲੇਬਾਜ਼ ਰਹਿਮਾਨਉੱਲਾ ਗੁਰਬਾਜ਼ ਵੀ ਖੁੱਲ੍ਹ ਕੇ ਨਹੀਂ ਖੇਡ ਸਕਿਆ। ਉਸ ਨੇ 55 ਗੇਂਦਾਂ ’ਚ 43 ਦੌੜਾਂ ਬਣਾਈਆਂ। ਜਵਾਬ ਵਿੱਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ 17.5 ਓਵਰਾਂ ’ਚ 105 ਦੌੜਾਂ ’ਤੇ ਆਊਟ ਕਰ ਦਿੱਤਾ। ਰਾਸ਼ਿਦ ਖਾਨ ਨੇ 23 ਦੌੜਾਂ ਦੇ ਕੇ ਚਾਰ ਜਦਕਿ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।