 
                                             ਕਰਜ਼ੇ ਚ ਡੁੱਬਿਆ ਕਿਸਾਨ ਬੀਜ ਬੈਠਾ ਅਜਿਹੀ ਫਸਲ, ਪੁਲਿਸ ਨੇ ਕਰ ਲਿਆ ਗ੍ਰਿਫਤਾਰ
- by Jasbeer Singh
- March 25, 2024
 
                              ਤੇਲੰਗਾਨਾ ਵਿਚ ਕਰਜ਼ੇ ‘ਚ ਡੁੱਬੇ ਕਿਸਾਨ ਨੇ ਅਜਿਹੀ ਫਸਲ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਦਰਅਸਲ, ਪ੍ਰਕਾਸ਼ਮ ਜ਼ਿਲ੍ਹੇ ਦੇ ਇਕ ਕਿਸਾਨ ਨੇ ਆਪਣਾ ਕਰਜ਼ਾ ਚੁਕਾਉਣ ਅਤੇ ਜਲਦੀ ਪੈਸੇ ਕਮਾਉਣ ਲਈ ਆਪਣੀ ਜ਼ਮੀਨ ‘ਤੇ ਭੰਗ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਜਦੋਂ ਤੱਕ ਉਹ ਪੈਸੇ ਕਮਾਉਂਦਾ, ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਇਨਫੋਰਸਮੈਂਟ ਬਿਊਰੋ ਨੇ ਛਾਪੇਮਾਰੀ ਕੀਤੀ ਤਾਂ ਖੇਤ ਵਿੱਚੋਂ 6 ਫੁੱਟ ਉਚਾਈ ਵਾਲੇ 282 ਗਾਂਜੇ ਦੇ ਬੂਟੇ ਬਰਾਮਦ ਹੋਏ।ਇਨਫੋਰਸਮੈਂਟ ਬਿਊਰੋ ਨੇ ਦੱਸਿਆ ਕਿ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖੇਤ ਦੀ ਸਾਰੀ ਫਸਲ ਤਬਾਹ ਕਰ ਦਿੱਤੀ ਗਈ ਹੈ। ਐਸਈਬੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਕਾਸ਼ਮ ਜ਼ਿਲ੍ਹੇ ਦੇ ਯੇਰਾਗੋਂਡਾਪਲੇਮ ਮੰਡਲ ਦੇ ਗੰਗੂਪੱਲੇ ਪਿੰਡ ਦੇ ਕੇਸ਼ਨਪੱਲੀ ਬ੍ਰਹਮਈਆ ਵਜੋਂ ਹੋਈ ਹੈ, ਜਿਸ ਕੋਲ ਕਰੀਬ ਪੰਜ ਏਕੜ ਜ਼ਮੀਨ ਹੈ। ਉਹ ਸਾਰਾ ਸਾਲ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਕਰਦਾ ਹੈ ਪਰ ਬੇਮੌਸਮੀ ਬਰਸਾਤ ਅਤੇ ਹੋਰ ਕਾਰਨਾਂ ਕਰਕੇ ਉਸ ਦਾ ਭਾਰੀ ਨੁਕਸਾਨ ਹੋਇਆ।ਫਸਲਾਂ ਦੇ ਨੁਕਸਾਨ ਕਾਰਨ ਕਰਜ਼ਾ ਵਧਦਾ ਗਿਆ। ਕਿਸਾਨ ਨੇ ਸੋਚਿਆ ਕਿ ਉਹ ਅਜਿਹੀ ਫ਼ਸਲ ਬੀਜੇ ਜਿਸ ਨਾਲ ਉਸ ਦਾ ਕਰਜ਼ਾ ਤੁਰਤ ਖ਼ਤਮ ਹੋ ਜਾਵੇ। ਉਸ ਨੇ ਗਾਂਜੇ ਦੀ ਖੇਤੀ ਕਰਨ ਦਾ ਰਸਤਾ ਅਪਣਾਇਆ। ਉਹ ਜੁਗਾੜ ਰਾਹੀਂ ਕਿਧਰੇ ਤੋਂ ਭੰਗ ਦੇ ਬੀਜ ਲਿਆਇਆ ਅਤੇ ਆਪਣੇ ਛੋਲਿਆਂ ਦੇ ਖੇਤ ਵਿੱਚ ਬੀਜਿਆ। ਜਿਵੇਂ-ਜਿਵੇਂ ਪੌਦੇ ਵਧਦੇ ਗਏ, ਨੇੜਲੇ ਕਿਸਾਨਾਂ ਨੇ ਉਨ੍ਹਾਂ ਨੂੰ ਦੇਖਿਆ ਅਤੇ SEB ਨੂੰ ਸੂਚਿਤ ਕੀਤਾ।ਐਸਈਬੀ ਦੇ ਇੰਸਪੈਕਟਰ ਨਾਗੇਸ਼ਵਰ ਰਾਓ ਦੀ ਅਗਵਾਈ ਵਾਲੀ ਟੀਮ ਨੇ ਖੇਤ ਦੀ ਜਾਂਚ ਕੀਤੀ, ਜਿੱਥੋਂ ਕੁੱਲ 282 ਪੌਦੇ ਮਿਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਸ ਨਜਾਇਜ਼ ਫਸਲ ਦੀ ਕੀਮਤ ਤਿੰਨ ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     