
ਸੀ ਐੱਨ ਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਲਈ 51 ਮੈਂਬਰੀ ਸੰਘਰਸ਼ ਕਮੇਟੀ ਨੇ ਉਲੀਕਿਆ ਸੰਘਰਸ਼
- by Jasbeer Singh
- August 9, 2024

ਸੀ ਐੱਨ ਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਲਈ 51 ਮੈਂਬਰੀ ਸੰਘਰਸ਼ ਕਮੇਟੀ ਨੇ ਉਲੀਕਿਆ ਸੰਘਰਸ਼ ਭੋਗਪੁਰ, 9 ਅਗਸਤ : ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਸੀ ਐੱਨ ਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਲਈ 51 ਮੈਂਬਰੀ ਸੰਘਰਸ਼ ਕਮੇਟੀ ਦੇ ਚੇਅਰਮੈਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ (ਬਿਨਾਂ ਆਮ ਆਦਮੀ ਪਾਰਟੀ ਦੇ ਆਗੂਆਂ), ਸਾਰੀਆਂ ਕਿਸਾਨ ਯੂਨੀਅਨਾਂ, ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ ਦੇ ਕਾਰਕੁਨਾਂ, ਭੀਮ ਆਰਮੀ ਦੇ ਆਗੂ ਅਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦਾਣਾ ਮੰਡੀ ਭੋਗਪੁਰ ਵਿੱਚ ਸਰਕਾਰ ਦੇ ਕੰਨ ਖੋਲ੍ਹਣ ਲਈ ਵਿਸ਼ਾਲ ਰੈਲੀ ਕੀਤੀ। ਇਸ ਤੋਂ ਬਾਅਦ ਕੌਮੀ ਮਾਰਗ ’ਤੇ ਰੋਸ ਮਾਰਚ ਕੱਢਿਆ ਗਿਆ ਅਤੇ ਕੌਮੀ ਮਾਰਗ ’ਤੇ ਟੀ-ਪੁਆਇੰਟ ’ਤੇ ਧਰਨਾ ਦੇ ਕੇ ਬੁਲਾਰਿਆਂ- ਹਰਵਿੰਦਰ ਸਿੰਘ ਡੱਲੀ, ਸਾਬੀ ਮੋਗਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮੁਕੇਸ਼ ਚੰਦਰ, ਅਮਿ੍ੰਤਪਾਲ ਸਿੰਘ ਖਰਲਾਂ, ਵਿਸ਼ਾਲ ਬਹਿਲ, ਅਮਰਜੀਤ ਸਿੰਘ ਚੌਲਾਂਗ, ਗੁਰਦੀਪ ਸਿੰਘ ਚੱਕ ਝੱਡੂ, ਅਸ਼ਵਨ ਭੱਲਾ, ਰਾਜ ਕੁਮਾਰ ਰਾਜਾ, ਗੁਰਪ੍ਰੀਤ ਸਿੰਘ ਅਟਵਾਲ, ਹਰਜਿੰਦਰ ਸਿੰਘ ਮੌਜੀ ਤੇ ਰਕੇਸ਼ ਬੱਗਾ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਿਹਾ ਇਹ ਗੈਸ ਪਲਾਂਟ ਇਲਾਕੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਿੱਧ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਤਿੰਨ ਖੰਡ ਮਿੱਲਾਂ ਦੀ ਮੱਡ (ਮੈਲ) ਅਤੇ ਜਲੰਧਰ ਸ਼ਹਿਰ ਦਾ ਸਾਰਾ ਕੂੜਾ ਇੱਥੇ ਲਿਆਂਦਾ ਜਾਵੇਗਾ ਜਿਸ ਨਾਲ ਅਵਾਜਾਈ ਵਿੱਚ ਵਿਘਨ ਪਾਵੇਗਾ ਅਤੇ ਸ਼ਹਿਰ ਅਤੇ ਪਿੰਡਾਂ ਵਿੱਚ ਬਦਬੂ ਨਾਲ ਹਵਾ ਅਤੇ ਪਾਣੀ ਵੀ ਪ੍ਰਦੂਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਭੋਗਪੁਰ ਅਤੇ ਪਿੰਡ ਮੋਗਾ ਦੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਸਹਿਕਾਰੀ ਖੰਡ ਮਿੱਲ ਲਗਾਉਣ ਲਈ ਅਤੇ ਗੰਨੇ ਦੀਆਂ ਚੰਗੀਆਂ ਕਿਸਮਾਂ ਦੀ ਖੋਜ ਕਰਨ ਲਈ ਦਿੱਤੀ ਸੀ, ਨਾ ਕਿ ਕਿਸੇ ਨਿੱਜੀ ਕੰਪਨੀ ਨੂੰ ਸੀਐੱਨਜੀ ਬਾਇਓ ਗੈਸ ਪਲਾਂਟ ਲਈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਗਰੀਨ ਜ਼ੋਨ ਵਿੱਚ ਆਉਂਦਾ ਹੈ ਜਿਸ ਕਰਕੇ ਇਸ ਜ਼ੋਨ ਵਿੱਚ ਗੈਸ ਪਲਾਂਟ ਵਰਗੇ ਘਾਤਕ ਪਲਾਂਟ ਨਹੀਂ ਲਗਾਏ ਜਾ ਸਕਦੇ ਹਨ। ਰੋਸ ਵਜੋਂ ਸਵੇਰੇ ਤੋਂ ਦੁਪਹਿਰ 2 ਵਜੇ ਤੱਕ ਕੌਮੀ ਮਾਰਗ ’ਤੇ ਆਵਾਜਾਈ ਬੰਦ ਰਹੀ ਅਤੇ ਸਾਰਾ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ । ਬਾਅਦ ਵਿੱਚ ਐੱਸਡੀਐੱਮ ਬਲਬੀਰ ਸਿੰਘ, ਐੱਸ ਪੀ ਮਨਪ੍ਰੀਤ ਸਿੰਘ , ਡੀ ਐੱਸ ਪੀ ਸੁਮਿਤ ਸੂਦ ਤੇ ਡੀ ਐੱਸ ਪੀ ਵਿਜੇ ਕੰਵਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਖੰਡ ਮਿੱਲ ਦਾ ਐੱਮ ਡੀ ਲਿਖਤੀ ਰੂਪ ਵਿੱਚ ਦੇਵੇਗਾ ਕਿ ਗੈਸ ਪਲਾਂਟ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ, ਉੱਥੇ ਪਿਆ ਵਰਤਣ ਵਾਲਾ ਸਾਮਾਨ ਚੁਕਵਾ ਦਿੱਤਾ ਜਾਵੇਗਾ ਅਤੇ ਕੰਪਨੀ ਨਾਲ ਹੋਇਆ ਐੱਮਓਯੂ ਕੈਂਸਲ ਕਰਵਾਇਆ ਜਾਵੇਗਾ। ਅੰਤ ਵਿੱਚ ਵਿਧਾਇਕ ਕੋਟਲੀ ਨੇ ਕਿਹਾ ਕਿ ਜੇਕਰ ਸਰਕਾਰੀ ਪ੍ਰਸ਼ਾਸਨ ਨੇ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਲੰਧਰ ਵਿੱਚ ਘਿਰਾਓ ਕੀਤਾ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.