July 6, 2024 00:57:02
post

Jasbeer Singh

(Chief Editor)

Patiala News

ਪਿੰਡ ਨਮੋਲ ਦੀ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਰੱਦ

post-img

ਪਿੰਡ ਨਮੋਲ ਵਿੱਚ ਪ੍ਰਸ਼ਾਸਨ ਵੱਲੋਂ ਐੱਸ ਸੀ ਭਾਈਚਾਰੇ ਦੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਦੀ ਲਾਮਬੰਦੀ ਕਰ ਕੇ ਬੋਲੀ ਵਾਲੀ ਥਾਂ ਗੁੱਜਰਮੱਲ ਚੌਕ ਜਾ ਕੇ ਮਜ਼ਦੂਰ ਭਾਈਚਾਰੇ ਵੱਲੋਂ ਸਹਿਮਤੀ ਦੇ ਨਾਲ ਦੋ ਵਿਅਕਤੀਆਂ ਨੂੰ ਸਾਂਝੇ ਤੌਰ ਉੱਤੇ ਚੁਣ ਕੇ ਅਧਿਕਾਰੀਆਂ ਕੋਲ ਸਕਿਓਰਿਟੀ ਭਰੀ ਗਈ। ਸਕਿਉਰਿਟੀ ਭਰਨ ਉਪਰੰਤ ਮਜ਼ਦੂਰਾਂ ਵੱਲੋਂ ਮੌਕੇ ਉੱਤੇ ਆਏ ਬੀਡੀਪੀਓ ਜਸਵਿੰਦਰ ਸਿੰਘ ਕੋਲ ਇਹ ਗੱਲ ਰੱਖੀ ਗਈ ਕਿ ਸਮੂਹ ਪੇਂਡੂ ਦਲਿਤ ਮਜ਼ਦੂਰ ਭਾਈਚਾਰਾ ਜ਼ਮੀਨ ਘੱਟ ਰੇਟ ਉੱਤੇ ਲੈਣਾ ਚਾਹੁੰਦੇ ਹਨ, ਪਰ ਬੀਡੀਪੀਓ ਵੱਲੋਂ ਇਸ ਮੰਗ ਨੂੰ ਨਾ-ਮਨਜ਼ੂਰ ਕਰਦਿਆਂ ਹੋਇਆਂ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰ ਦਿੱਤੀ ਗਈ। ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜਿਲ੍ਹਾ ਆਗੂ ਜੱਗੀ ਸਿੰਘ ਨੇ ਮੌਕੇ ਉੱਪਰ ਹੋਏ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਤੀਜੇ ਹਿੱਸੇ ਨੂੰ ਰਿਜ਼ਰਵ ਮੰਨਦੀ ਹੈ ਤੇ ਦੂਜੇ ਪਾਸੇ ਇਸ ਦੇ ਵਿੱਚ 20%, 15% ਦੇ ਵਾਧੇ ਕਰਕੇ ਜ਼ਮੀਨ ਦੀ ਬੋਲੀ ਕਰਵਾਈ ਜਾਂਦੀ ਹੈ। ਇਸ ਤੋਂ ਇਹ ਸਾਫ ਹੈ ਸਰਕਾਰਾਂ ਪੰਚਾਇਤੀ ਜ਼ਮੀਨਾਂ ਵਿੱਚੋਂ ਆਪਣਾ ਮੁਨਾਫਾ ਕਮਾਉਣਾ ਚਾਹੁੰਦੀਆਂ ਹਨ। ਮਜ਼ਦੂਰ ਐੱਸਸੀ ਜ਼ਮੀਨ ਨੂੰ ਕੋਈ ਮੁਨਾਫੇ ਲਈ ਨਹੀਂ ਲੈ ਰਹੇ ਉਹ ਆਪਣੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਇੱਕ ਵਸੀਲਾ ਦੇਖਦੇ ਹਨ, ਪਰ ਪ੍ਰਸ਼ਾਸਨ ਇਸ ਨੂੰ ਜਨਰਲ ਜ਼ਮੀਨ ਵਾਂਗ ਹੀ ਦੇਖਦਾ ਹੈ ਅਤੇ ਬੋਲੀ ਦਾ ਰੇਟ ਨਹੀਂ ਘਟਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮਜ਼ਦੂਰ ਭਾਈਚਾਰੇ ਦੀ ਮੰਗ ਹੈ ਕਿ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਸਮੂਹ ਮਜ਼ਦੂਰ ਭਾਈਚਾਰੇ ਨੂੰ ਸਮਰੱਥਾ ਮੁਤਾਬਕ ਦਿੱਤੀ ਜਾਵੇ ਤਾਂ ਜੋ ਪਿੰਡਾਂ ਵਿੱਚ ਵਸਦੇ ਦਲਿਤ ਜ਼ਮੀਨ ਵਿੱਚੋਂ ਹਰਾ ਚਾਰਾ ਬੀਜ ਕੇ ਪਸ਼ੂਆਂ ਦਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਪਿੰਡ ਆਗੂ ਗੁਰਸੇਵਕ ਸਿੰਘ,ਭੋਲਾ ਸਿੰਘ, ਮੇਵਾ ਸਿੰਘ, ਸ਼ਿੰਦਰ ਕੌਰ ਤੇ ਸਰਬਜੀਤ ਕੌਰ ਹਾਜ਼ਰ ਸਨ।

Related Post