
ਰਜਿਸਟਰੇਸ਼ਨ ਨੰਬਰ ਵਿੱਚ ਸੋਧ ਦੇ ਨਾਂ ਤੇ ਬੋਰਡ ਵੱਲੋਂ ਅਧਿਆਪਕਾਂ ਦੀ ਖੱਜਲ ਖ਼ੁਆਰੀ ਬੰਦ ਹੋਵੇ : ਡੀ. ਟੀ. ਐੱਫ.
- by Jasbeer Singh
- January 23, 2025

ਰਜਿਸਟਰੇਸ਼ਨ ਨੰਬਰ ਵਿੱਚ ਸੋਧ ਦੇ ਨਾਂ ਤੇ ਬੋਰਡ ਵੱਲੋਂ ਅਧਿਆਪਕਾਂ ਦੀ ਖੱਜਲ ਖ਼ੁਆਰੀ ਬੰਦ ਹੋਵੇ : ਡੀ. ਟੀ. ਐੱਫ. ਰਜਿਸਟਰੇਸ਼ਨ ਨੰਬਰ ਵਿੱਚ ਸੋਧ ਆਨ ਲਾਈਨ, ਖ਼ੇਤਰੀ ਡਿੱਪੂਆਂ ਜਾਂ ਰਜਿਸਟਰਡ ਡਾਕ ਰਾਹੀਂ ਕਰਵਾਉਣ ਦੀ ਆਪਸ਼ਨ ਦਿੱਤੀ ਜਾਵੇ : ਡੀ. ਟੀ. ਐੱਫ. ਪਟਿਆਲਾ : ਅੱਠਵੀਂ ਜਮਾਤ ਫਰਵਰੀ-ਮਾਰਚ 2025 ਵਿੱਚ ਹੋਣ ਵਾਲੀ ਪ੍ਰੀਖਿਆ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਪਹਿਲਾਂ ਤੋਂ ਹੀ ਰਜਿਸਟਰ ਵਿਦਿਆਰਥੀਆਂ ਨੂੰ ਨਵਾਂ ਰਜਿਸਟਰੇਸ਼ਨ ਅਲਾਟ ਹੋਣ 'ਤੇ ਸੋਧ ਪ੍ਰੋਫਾਰਮਾ ਜਨਰੇਟ ਕਰਕੇ ਅਧਿਆਪਕਾਂ ਨੂੰ ਚੰਡੀਗੜ੍ਹ ਮੁੱਖ ਦਫਤਰ ਵਿਖੇ ਜਮਾਂ ਕਰਾਉਣ ਲਈ ਸੱਦਿਆ ਗਿਆ ਹੈ । ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਰੱਖੜਾ, ਸਕੱਤਰ ਜਸਪਾਲ ਚੌਧਰੀ ਅਤੇ ਜਿਲਾ ਖਜ਼ਾਨਚੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਸ਼੍ਰੇਣੀ ਮਾਰਚ 2025 ਦੀ ਕੱਟ ਲਿਸਟ ਸਕੂਲ ਲੋਗ ਇਨ ਆਈਡੀ 'ਤੇ ਅਪਲੋਡ ਕਰਦਿਆਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਠਵੀਂ ਸ਼੍ਰੇਣੀ ਦੀ ਕੱਟ ਲਿਸਟ ਨੂੰ ਵਾਚ ਲਿਆ ਜਾਵੇ ਅਤੇ ਜੇਕਰ ਕਿਸੇ ਪ੍ਰੀਖਿਆਰਥੀ ਨੇ ਪੰਜਵੀਂ ਸ਼੍ਰੇਣੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਕੀਤੀ ਹੈ ਪ੍ਰੰਤੂ ਉਸ ਨੂੰ ਨਵਾਂ ਰਜਿਸਟਰੇਸ਼ਨ ਨੰਬਰ ਅਲਾਟ ਹੋ ਗਿਆ ਹੈ ਤਾਂ ਉਸ ਰਜਿਸਟਰੇਸ਼ਨ ਦੀ ਸੋਧ ਦਾ ਕਰੈਕਸ਼ਨ ਪ੍ਰੋਫਾਰਮਾ ਜਨਰੇਟ ਕਰਕੇ 31 ਜਨਵਰੀ ਤੱਕ ਬਿਨਾਂ ਲੇਟ ਫੀਸ ਮੁੱਖ ਦਫਤਰ ਵਿਖੇ ਜਮਾ ਕਰਾਇਆ ਜਾਵੇ। ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਤਿੰਨ ਲੱਖ ਵਿਦਿਆਰਥੀ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਿੰਦੇ ਹਨ। ਵੱਡੀ ਗਿਣਤੀ ਵਿੱਚ ਸਕੂਲਾਂ ਦੇ ਕੁਝ ਵਿਦਿਆਰਥੀਆਂ ਨੂੰ ਨਵੇਂ ਰਜਿਸਟਰੇਸ਼ਨ ਨੰਬਰ ਅਲਾਟ ਹੋ ਗਏ ਹਨ ਅਤੇ ਜੇਕਰ ਮਿੱਥੀ ਮਿਤੀ ਤੱਕ ਇਹ ਸੋਧ ਨਹੀਂ ਕਰਵਾਈ ਜਾਂਦੀ ਤਾਂ ਬਾਅਦ ਵਿੱਚ ਉਸ ਸਮੇਂ ਦੇ ਸ਼ਡਿਊਲ ਅਨੁਸਾਰ ਬਣਦੀ ਫੀਸ ਨਾਲ ਨਿਯਮਾਂ ਮੁਤਾਬਕ ਹੀ ਰਜਿਸਟਰੇਸ਼ਨ ਨੰਬਰ ਦੀ ਸੋਧ ਹੋ ਸਕੇਗੀ । ਉਨ੍ਹਾਂ ਕਿਹਾ ਕਿ ਇਸ ਪਿੱਛੇ ਬੋਰਡ ਦੀ ਭਾਵਨਾ ਅਧਿਆਪਕਾਂ ਤੋਂ ਜ਼ੁਰਮਾਨੇ ਵਸੂਲਣ ਦੀ ਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਇਹ ਉਹ ਸਮਾਂ ਹੈ ਜਦੋਂ ਪ੍ਰੀ ਬੋਰਡ ਅਤੇ ਟਰਮ -2 ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ ਅਤੇ 19 ਫਰਵਰੀ ਤੋਂ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਕੰਮ ਆਨਲਾਈਨ ਜਾਂ ਡਾਕ ਰਜਿਸਟਰੀ ਰਾਹੀਂ ਵੀ ਹੋ ਸਕਦਾ ਸੀ ਪਰੰਤੂ ਬੋਰਡ ਵੱਲੋਂ ਇਸ ਕੰਮ ਲਈ ਅਧਿਆਪਕਾਂ ਨੂੰ ਮੁੱਖ ਦਫਤਰ ਵਿਖੇ ਸੱਦਿਆ ਗਿਆ ਹੈ ਜਿਸਦੇ ਅਰਥ ਸਕੂਲਾਂ ਉੱਤੇ ਵਿੱਤੀ ਬੋਝ ਪਾਉਣਾ ਵੀ ਜਾਪਦਾ ਹੈ । ਡੀ. ਟੀ. ਐੱਫ. ਪਟਿਆਲਾ ਦੇ ਮੀਤ ਪ੍ਰਧਾਨਾਂ ਰਾਮਸ਼ਰਨ ਅਲੌਹਰਾਂ, ਜਗਪਾਲ ਸਿੰਘ ਚਹਿਲ, ਭੁਪਿੰਦਰ ਸਿੰਘ ਮਰਦਾਂਹੇੜੀ, ਜੁਆਇੰਟ ਸਕੱਤਰ ਗੁਰਵਿੰਦਰ ਸਿੰਘ ਖੱਟੜਾ ਅਤੇ ਪ੍ਰੈਸ ਸਕੱਤਰ ਹਰਵਿੰਦਰ ਸਿੰਘ ਬੇਲੂਮਾਜਰਾ ਨੇ ਦੱਸਿਆ ਕਿ ਇਹ ਗਲਤੀ ਬੋਰਡ ਦੇ ਪੱਧਰ ਦੀ ਹੈ ਨਾ ਕਿ ਸਕੂਲ ਦੇ ਪੱਧਰ ਦੀ, ਫਿਰ ਇਸ ਗਲਤੀ ਲਈ ਅਧਿਆਪਕਾਂ ਨੂੰ ਚੰਡੀਗੜ੍ਹ ਸੱਦਣਾ ਬਿਲਕੁਲ ਗਲਤ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਖੇਤਰੀ ਡਿਪੂ ਸਾਰੇ ਜਿਲ੍ਹਾ ਕੇਂਦਰਾਂ ਤੇ ਸਥਿਤ ਹਨ ਤਾਂ ਇਹ ਸੋਧ ਪ੍ਰੋਫਾਰਮੇ ਉਹਨਾਂ ਖੇਤਰੀ ਡਿੱਪੂਆਂ ਵਿੱਚ ਵੀ ਜਮਾਂ ਕਰਵਾਏ ਜਾ ਸਕਦੇ ਹਨ ਪਰ ਅਧਿਆਪਕਾਂ ਨੂੰ ਖੱਜਲ ਖੁਆਰ ਕਰਨਾ ਅਤੇ ਉਨ੍ਹਾਂ ਨੂੰ ਛੋਟੀ ਮੋਟੀ ਗਲਤੀ ਲਈ ਭਾਰੀ ਜ਼ੁਰਮਾਨੇ ਲਗਾਉਣਾ ਬੋਰਡ ਦੀ ਗਲਤ ਆਦਤ ਬਣ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਰਜਿਸਟਰੇਸ਼ਨ ਨੰਬਰ ਵਿੱਚ ਸੋਧ ਪ੍ਰੋਫਾਰਮੇ ਆਨ ਲਾਈਨ, ਰਜਿਸਟਰਡ ਡਾਕ ਰਾਹੀਂ ਜਾਂ ਖੇਤਰੀ ਡਿੱਪੂਆਂ ਰਾਹੀਂ ਪ੍ਰਾਪਤ ਕੀਤੇ ਜਾਣ ।