post

Jasbeer Singh

(Chief Editor)

ਨਾਬਾਲਗਾਂ ਵਿਰੁੱਧ ਟਰੈਫਿਕ ਚਲਾਨ ਕੱਟਣ ਦੀ ਮੁਹਿੰਮ ਹੋਈ 20 ਅਗਸਤ ਤੱਕ ਮੁਲਤਵੀ

post-img

ਨਾਬਾਲਗਾਂ ਵਿਰੁੱਧ ਟਰੈਫਿਕ ਚਲਾਨ ਕੱਟਣ ਦੀ ਮੁਹਿੰਮ ਹੋਈ 20 ਅਗਸਤ ਤੱਕ ਮੁਲਤਵੀ ਚੰਡੀਗੜ੍ਹ : ਰਾਜ ਟਰੈਫਿਕ ਪੁਲਸ ਅਗਸਤ ਮਹੀਨੇ ਵਿੱਚ ਨਾਬਾਲਗਾਂ ਨੂੰ ਡਰਾਈਵਿੰਗ ਨਾ ਕਰਨ ਲਈ ਜਾਗਰੂਕ ਕਰੇਗੀ। ਏਡੀਜੀਪੀ ਟਰੈਫਿਕ ਏ.ਐਸ ਰਾਏ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ ਟਰੈਫਿਕ ਚਲਾਨ ਕੱਟਣ ਦੀ ਮੁਹਿੰਮ 1 ਅਗਸਤ ਤੋਂ ਸ਼ੁਰੂ ਕੀਤੀ ਜਾਣੀ ਸੀ। ਪਰ ਟਰੈਫਿਕ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਫਿਲਹਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ। ਜਿਸ ਤੋਂ ਬਾਅਦ 20 ਅਗਸਤ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਭੰਬਲਭੂਸਾ ਪੈਦਾ ਨਾ ਹੋਵੇ। ਚੇਤੇ ਰਹੇ ਕਿ ਨਵੇਂ ਮੋਟਰ ਵਹੀਕਲ ਐਕਟ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਤਹਿਤ ਤਿੰਨ ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਬੱਚੇ ਵੱਲੋਂ ਚਲਾਏ ਜਾ ਰਹੇ ਵਾਹਨ ਦੀ ਰਜਿਸਟ੍ਰੇਸ਼ਨ ਇੱਕ ਸਾਲ ਲਈ ਰੱਦ ਕਰ ਦਿੱਤੀ ਜਾਵੇਗੀ। ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਨਾਬਾਲਗਾਂ ਵਿਰੁੱਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ । ਹੁਣ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਕੀ ਉਨ੍ਹਾਂ ਦੇ ਬੱਚੇ ਇਲੈਕਟ੍ਰਾਨਿਕ ਵਾਹਨ ਚਲਾ ਸਕਦੇ ਹਨ ਜਾਂ ਨਹੀਂ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਹਰੀ ਨੰਬਰ ਪਲੇਟ ਵਾਲੇ ਇਲੈਕਟ੍ਰਾਨਿਕ ਵਾਹਨਾਂ ਲਈ ਲਾਇਸੈਂਸ ਲਾਜ਼ਮੀ ਹੈ। ਇਸ ਲਈ ਉਹ ਬੱਚੇ ਨਹੀਂ ਚਲਾ ਸਕਦੇ। 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੈਲਮੇਟ ਪਾ ਕੇ 50 ਸੀਸੀ ਤੋਂ ਘੱਟ ਸਮਰੱਥਾ ਵਾਲਾ ਇੰਜਣ ਚਲਾ ਸਕਦਾ ਹੈ। ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਕਸਬਿਆਂ ਅਤੇ ਕਲੋਨੀਆਂ ਵਿੱਚ ਗ੍ਰਾਮ ਪੰਚਾਇਤਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ। ਚੇਤੇ ਰਹੇ ਕਿ ਵਿਭਾਗ ਵੱਲੋਂ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਵੱਲੋਂ ਸੜਕ ਸੁਰੱਖਿਆ ਬਲ ਦਾ ਗਠਨ ਵੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ `ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

Related Post