
ਸ਼ਹੀਦ ਕੌਮ ਦਾ ਸਰਮਾਇਆ ਜੂਨ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਸ਼ਹੀਦਾਂ ਨੂੰ ਸਮਰਪਿਤ : ਪ੍ਰੋ. ਬਡੂੰਗਰ
- by Jasbeer Singh
- June 8, 2025

ਸ਼ਹੀਦ ਕੌਮ ਦਾ ਸਰਮਾਇਆ ਜੂਨ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਸ਼ਹੀਦਾਂ ਨੂੰ ਸਮਰਪਿਤ : ਪ੍ਰੋ. ਬਡੂੰਗਰ ਪਟਿਆਲਾ 8 ਜੂਨ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੂਨ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਇਤਿਹਾਸ ਅੰਦਰ ਸ਼ਹੀਦਾਂ ਦੇ ਦਿਹਾੜੇ ਜੂਨ ਮਹੀਨੇ ਨੂੰ ਸਮਰਪਿਤ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਜੇਠ ਮਹੀਨੇ ਦੌਰਾਨ ਵਰਦੀ ਗਰਮੀ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਇਸ ਦੌਰਾਨ 1 ਜੁਨ 1746 ਨੂੰ ਛੋਟਾ ਘੱਲੂਘਾਰਾ ਕਾਹਨੂੰਵਾਲ ਵਿਖੇ ਹੋਇਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸ਼ੋ੍ਰਮਣੀ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਫਤਿਹ ਦਿਵਸ ਮਨਾਉਂਦੀ ਹੈ ਤਾਂ ਕਿ ਸੰਗਤਾਂ ਆਪਣੇ ਵੱਡਮੁੱਲੇ ਇਤਿਹਾਸ ਨਾਲ ਜੁੜੀਆਂ ਰਹਿਣ। ਪ੍ਰੋ. ਬਡੂੰਗਰ ਨੇ ਦੱਸਿਆ ਕਿ 2 ਤੋਂ 9 ਜੂਨ ਤੱਕ ਹਰ ਰੋਜ਼ 100-100 ਸਿੱਖਾਂ ਦੇ ਜੱਥਿਆਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮਪਤਨੀ ਬੀਬੀ ਸੁਸ਼ੀਲ ਕੌਰ ਨੂੰ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਦੇ ਬੇਟੇ ਜਿਹੜੇ ਪੌਣੇ ਚਾਰ ਸਾਲ ਦੇ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਅਤੇ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪ੍ਰੋ. ਬਡੂੰਗਰ ਨੇ ਕਿਹਾ ਕਿ 1 ਤੋਂ 6 ਜੂਨ ਤੱਕ ਵੱਡਾ ਘੱਲੂਘਾਰਾ ਵਿਖਾਈ ਦਿੰਦਾ ਅਤੇ ਇਸ ਘਟਨਾ ਵਿਚ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਜਿਸ ਵਿਚ ਤਕਰੀਬਨ ਪੰਜ ਹਜ਼ਾਰ ਦੇ ਕਰੀਬ ਬੇਦੋਸ਼ੇ ਲੋਕ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਆਦਿ ਵੀ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਅਜਿਹੀਆਂ ਤਮਾਮ ਘਟਨਾਵਾਂ ਜਿਥੇ ਜ਼ਬਰ ਤੇ ਜ਼ੁਲਮ ਖਿਲਾਫ਼ ਡੱਟਣ ਦੀ ਪ੍ਰੇਰਨਾ ਹਨ, ਉਥੇ ਹੀ ਅਜਿਹੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਜਿਹੇ ਦਿਹਾੜਿਆਂ ਨੂੰ ਮਨਾ ਕੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨਾ ਚਾਹੀਦਾ ਹੈ।