ਪਟਿਆਲਾ ਪੁਲੀਸ ਨੇ ਐੱਸ.ਐੱਸ.ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਦੋ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸਪੀ (ਜਾਂਚ) ਯੋਗੇਸ਼ ਸ਼ਰਮਾ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਡੀਐੱਸਪੀ ਦਵਿੰਦਰ ਅੱਤਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਤਲ ਦੀਆਂ ਇਹ ਘਟਨਾਵਾਂ ਥਾਣਾ ਭਾਦਸੋਂ ਅਤੇ ਥਾਣਾ ਸਦਰ ਨਾਭਾ ਨਾਲ ਸਬੰਧਤ ਹਨ। ਇਹ ਦੋਵੇਂ ਵਾਰਦਾਤਾਂ ਇੰਸਪੈਕਟਰ ਸ਼ਮਿੰਦਰ ਸਿੰਘ (ਇੰਚਾਰਜ ਸੀਆਈਏ ਪਟਿਆਲਾ), ਐੱਸਆਈ ਇੰਦਰਜੀਤ ਸਿੰਘ (ਮੁੱਖ ਅਫਸਰ ਥਾਣਾ ਭਾਦਸੋਂ) ਅਤੇ ਐੱਸਆਈ ਸੁਖਦੇਵ ਸਿੰਘ ਦੀਆਂ ਟੀਮਾਂ ਨੇ ਉੱਚ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠਾਂ ਟਰੇਸ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 6 ਤੇ 7 ਜੂਨ ਨੂੰ ਪਿੰਡ ਦੰਦਰਾਲਾ ਖਰੌੜ ਵਿੱਚ ਆਪਣੇ ਘਰ ’ਚ ਸੁੱਤੇ ਪਏ ਜਗਦੇਵ ਸਿੰਘ ਜੱਗੀ ਦੀ ਹੱਤਿਆ ਸਬੰਧੀ ਉਸ ਦੀ ਮਾਤਾ ਮਹਿੰਦਰ ਕੌਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਜਾਂਚ ’ਚ ਪਤਾ ਲੱਗਾ ਕਿ ਮ੍ਰਿਤਕ ਦਾ ਇਸੇ ਪਿੰਡ ਦੇ ਸਾਬਕਾ ਫੌਜੀ ਨਰਿੰਦਰ ਸਿੰਘ ਨਾਲ ਸਾਲ ਪਹਿਲਾਂ ਝਗੜਾ ਹੋਇਆ ਸੀ ਤੇ ਜੱਗੀ ਹੁਣ ਵੀ ਉਸ ਦੀ ਬੇਇੱਜ਼ਤੀ ਕਰਦਾ ਰਹਿੰਦਾ ਸੀ, ਜਿਸ ਕਰਕੇ ਹੀ ਉਸ ਨੇ ਰਾਤ ਨੂੰ ਘਰ ’ਚ ਸੁੱਤੇ ਪਏ ਜੱਗੀ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਨਰਿੰਦਰ ਫੌਜੀ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਬਰਾਮਦ ਕਰ ਲਏ ਹਨ। ਇਸੇ ਤਰ੍ਹਾਂ ਇੱਕ ਮਈ 2024 ਨੂੰ ਥਾਣਾ ਸਦਰ ਨਾਭਾ ਦੇ ਪਿੰਡ ਕਕਰਾਲਾ ਨੇੜਿਉਂ ਗੰਦੇ ਨਾਲੇ ਤੋਂ ਸੁਖਦੇਵ ਸਿੰਘ ਸੋਨੀ ਵਾਸੀ ਤੁੰਗਾਂ ਦੀ ਲਾਸ਼ ਮਿਲੀ ਸੀ। ਇਸ ਸਬੰਧੀ ਸ਼ੱਕ ਦੇ ਆਧਾਰ ’ਤੇ ਚਮਕੌਰ ਸਿੰਘ ਵਾਸੀ ਅਗੇਤੀ ਖਿਲਾਫ ਕੇਸ ਦਰਜ ਕਰਾਇਆ ਗਿਆ ਸੀ। ਪਰ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਹੋਰਾਂ ਵੱਲੋਂ ਕੀਤੀ ਜਾਂਚ ’ਚ ਪਤਾ ਲੱਗਾ ਕਿ ਮ੍ਰਿਤਕ ਸੋਨੀ ਨਾਲ ਚਮਕੌਰ ਸਿੰਘ ਦਾ 10 ਲੱਖ ਰੁਪਏ ਦੇ ਦੇਣ ਲੈਣ ਦਾ ਝਗੜਾ ਚੱਲਦਾ ਸੀ, ਜਿਸ ਕਰਕੇ ਉਹ ਚਮਕੌਰ ਸਿੰਘ ਨੂੰ ਝੁੂਠੇ ਕੇਸ ’ਚ ਫਸਾਉਣਾ ਚਾਹੁੰਦਾ ਸੀ। ਇਸ ਤਹਿਤ ਉਸ ਨੇ ਆਪਣੇ ਮੋਢੇ ’ਤੇ ਫਾਇਰ ਮਾਰ ਕੇ ਹਸਪਤਾਲ ਦਾਖਲ ਹੋਣ ਦੀ ਯੋਜਨਾ ਬਣਾਈ ਸੀ, ਪਰ ਗੋਲੀ ਲੱਗਣ ਕਾਰਨ ਖੂਨ ਜ਼ਿਆਦਾ ਡੁੱਲ੍ਹ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤਰ੍ਹਾਂ ਪੁਲੀਸ ਅਸਲੀਤ ਸਾਹਮਣੇ ਲਿਆ ਕੇ ਇੱਕ ਬੇਕਸੂਰ ਨੂੰ ਜੇਲ੍ਹ ਜਾਣ ਤੋਂ ਵੀ ਬਚਾਅ ਲਿਆ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.