ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
- by Jasbeer Singh
- January 11, 2025
ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅੰਮ੍ਰਿਤਸਰ : ਇੱਕ ਵਿਆਹ ਸਮਾਗਮ ਵਿੱਚ ਸਮੂਲੀਅਤ ਕਰਨ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਅਤੇ ਧਾਰਮਿਕ ਤੇ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ । ਨਿਹੰਗ ਮੁਖੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਪੁੱਜੇ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬੇਇਨਸਾਫੀ ਕਰ ਰਹੀ ਹੈ । ਕਿਸਾਨਾਂ ਨੂੰ ਹੱਕੀ ਮੰਗਾਂ ਮਨਵਾਉਣ ਲਈ ਆਪਣੀਆਂ ਅਹੂਤੀਆਂ ਦੇਣੀਆਂ ਪੈ ਰਹੀਆਂ ਹਨ । ਉਨ੍ਹਾਂ ਕੇਂਦਰ ਸਰਕਾਰ ਨੂੰ ਕੁੰਭ ਕਰਨ ਦੀ ਨੀਂਦ ਤੋਂ ਉਠਾਦਿਆਂ ਕਿਹਾ ਕਿ ਕਿਸਾਨਾਂ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, ਇਸ ਦੇ ਸਾਰਥਿਕ ਸਿੱਟੇ ਨਹੀਂ ਸਗੋਂ ਦੁਖਦ ਮਾਹੌਲ ਸਿਰਜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਕੇਂਦਰ ਸਰਕਾਰ ਭੁੱਖ ਹੜਤਾਲ ਤੋ ਬੈਠੇ ਕਿਸਾਨਾਂ ਨੂੰ ਸੁਖੀਸਾਂਦੀ ਘਰਾਂ ਨੂੰ ਤੋਰਨਾ ਚਾਹੀਦਾ ਹੈ। ਆਏ ਦਿਨ ਹੜਤਾਲ ਤੇ ਬੈਠੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਹਨ ਇਨ੍ਹਾਂ ਦਾ ਇਵਜਾਨਾਂ ਸਰਕਾਰਾਂ ਨੂੰ ਭੁਗਤਨਾ ਪਵੇਗਾ। ਕਿਸਾਨ ਆਗੂ ਸ. ਡੱਲੇਵਾਲ ਦੀ ਸਿਹਤ ਨਾਜੁਕ ਹੈ ਉਸ ਨੂੰ ਬਚਾਉਣ ਲਈ ਸਰਕਾਰ ਸਾਰਥਿਕ ਹੱਲ ਕੱਢੇ ।

