

ਚੰਡੀਗੜ੍ਹ ਨਗਰ ਨਿਗਮ ਨੇ ਗਰਮੀਆਂ ਵਿੱਚ ਪਾਣੀ ਦੀ ਖਪਤ ਵਧਣ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਪਾਣੀ ਦੀ ਫਜ਼ੂਲ ਖਰਚੀ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤੀ ਦੇ ਬਾਵਜੂਦ ਲੋਕ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ ਕੁਲ 417 ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।ਇਨ੍ਹਾਂ ਵਿਚੋਂ 345 ਡਿਫਾਲਟਰਾਂ ਨੂੰ ਨੋਟਿਸ ਦਿੱਤੇ ਗਏ ਅਤੇ 72 ਦੇ ਚਲਾਨ ਕੱਟ ਕੇ ਜੁਰਮਾਨਾ ਲਗਾਇਆ ਗਿਆ। ਇੰਨਾ ਹੀ ਨਹੀਂ ਨਿਗਮ ਦੀ ਕਾਰਵਾਈ ਨੂੰ ਟਿੱਚ ਜਾਂਦੇ ਹੋਏ ਵਾਰ-ਵਾਰ ਉਲੰਘਨਾ ਕਰਦੇ ਅੱਠ ਡਿਫਾਲਟਰਾਂ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਗਰਮੀਆਂ ਦੀ ਰੁੱਤ ਵਿੱਚ ਪਾਣੀ ਦੀ ਖਪਤ ਨੂੰ ਪੂਰਾ ਕਰਨ ਲਈ ਪਾਣੀ ਦੀ ਦੁਰਵਰਤੋਂ ਖ਼ਿਲਾਫ਼ ਲੰਘੀ 15 ਅਪਰੈਲ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਜਿਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਗਮ ਨੇ ਅਧਿਕਾਰੀਆਂ ਦੀਆਂ ਅਗਵਾਈ ਹੇਠ ਸ਼ਹਿਰ ਨੂੰ 18 ਜ਼ੋਨ ਵਿੱਚ ਵੰਡ ਕੇ 18 ਟੀਮਾਂ ਬਣਾਈਆਂ ਹਨ, ਜੋ ਸਵੇਰ ਵੇਲੇ ਆਪੋ-ਆਪਣੇ ਇਲਾਕੇ ਵਿੱਚ ਅਚਾਨਕ ਛਾਪਾ ਮਾਰ ਕੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ।ਅੱਜ ਨਿਗਮ ਦੀਆਂ ਟੀਮਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੀ ਦੁਰਵਰਤੋਂ ਕਰ ਰਹੇ 54 ਜਣਿਆਂ ਨੂੰ ਮੌਕੇ ’ਤੇ ਨੋਟਿਸ ਜਾਰੀ ਕੀਤਾ ਅਤੇ ਅੱਠ ਵਿਅਕਤੀਆਂ ਨੂੰ ਜੁਰਮਾਨੇ ਲਗਾਏ ਹਨ। ਟੀਮ ਦੇ ਛਾਪਿਆਂ ਦੌਰਾਨ ਕੁੱਝ ਲੋਕ ਪਾਰਕਾਂ ਨੂੰ ਪਾਣੀ ਦੇ ਰਹੇ ਸਨ, ਜਦੋਂ ਕਿ ਕੁੱਝ ਦੇ ਘਰਾਂ ਤੋਂ ਬਾਹਰ ਪਾਣੀ ਵਹਿ ਰਿਹਾ ਸੀ।ਨਿਗਮ ਕਮਿਸ਼ਨਰ ਆਨੰਦਿੱਤਾ ਮਿੱਤਰਾ ਅਨੁਸਾਰ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚੰਡੀਗੜ੍ਹ ਨਿਗਮ ਦੇ ਪਬਲਿਕ ਹੈਲਥ ਦੇ ਐੱਸਈ ਹਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਗਰਮੀਆਂ ਦੌਰਾਨ ਪਾਣੀ ਦੀ ਕਿੱਲਤ ਤੋਂ ਬਚਣ ਲਈ ਵਿੱਢੀ ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਨਿਗਮ ਦੀਆਂ ਟੀਮਾਂ ਦੇ ਅਚਾਨਕ ਛਾਪਿਆਂ ਦੌਰਾਨ ਫੜੇ ਜਾਣ ਵਾਲੇ ਡਿਫਾਲਟਰਾਂ ’ਤੇ ਲਗਾਇਆ ਜਾਣ ਵਾਲਾ ਜੁਰਮਾਨਾ ਖਪਤਕਾਰਾਂ ਦੇ ਬਿੱਲ ਵਿੱਚ ਜੋੜਿਆ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਦੋ ਵਾਰ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਤੀਜੀ ਵਾਰ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸੇ ਤਰ੍ਹਾਂ ਟੀਮਾਂ ’ਤੇ ਨਜ਼ਰ ਰੱਖਣ ਲਈ ਵੀ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਉਹ ਖੁਦ ਵੀ ਅਚਨਚੇਤ ਚੈਕਿੰਗ ਕਰਨਗੇ। ਜੇਕਰ ਕਿਸੇ ਟੀਮ ਦੀ ਇਲਾਕੇ ਵਿੱਚ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।ਪਾਣੀ ਦੀ ਖਪਤ ਵਧਣ ’ਤੇ ਹਰ ਸਾਲ ਲਾਈਆਂ ਜਾਂਦੀਆਂ ਨੇ ਪਾਬੰਦੀਆਂਚੰਡੀਗੜ੍ਹ ਨਗਰ ਨਿਗਮ ਵਲੋਂ ਹਰ ਸਾਲ ਗਰਮੀ ਦੀ ਰੁੱਤ ਦੌਰਾਨ ਪੀਣ ਵਾਲੇ ਪਾਣੀ ਦੀ ਖਪਤ ਵਧਣ ਨਾਲ ਪੈਦਾ ਹੋਣ ਵਾਲੀ ਪਾਣੀ ਦੀ ਕਿੱਲਤ ਨੂੰ ਲੈਕੇ ਸਵੇਰ ਵੇਲੇ ਪਾਰਕਾਂ ਨੂੰ ਪਾਣੀ ਦੇਣ, ਫਰਸ਼ ਧੋਣ ਅਤੇ ਵਾਹਨ ਆਦਿ ਧੋਣ ਨੂੰ ਲੈਕੇ ਪਾਬੰਦੀ ਲਗਾਈ ਜਾਂਦੀ ਹੈ।ਇਸ ਪਬੰਦੀ ਦੌਰਾਨ ਨਿਗਮ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਨਕੇਲ ਕਸਣ ਲਈ ਨਿਗਮ ਵਲੋਂ ਬਣਾਈਆਂ ਗਈਆਂ ਟੀਮਾਂ ਸਵੇਰ ਵੇਲੇ ਆਪਣੇ ਆਪਣੇ ਇਲਾਕੇ ਵਿੱਚ ਅਚਨਚੇਤ ਚੈਕਿੰਗ ਕਰਦੀਆਂ ਹਨ। ਚੈਕਿੰਗ ਦੌਰਾਨ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ। ਨਿਗਮ ਨੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਰੁਖ਼ ਅਪਨਾਇਆ ਹੈ।