post

Jasbeer Singh

(Chief Editor)

National

ਅਦਾਲਤ ਨੇ 1984 ਦੰਗਿਆਂ ਦੇ ਇਕ ਮਾਮਲੇ ‘ਚ ਟਾਈਟਲਰ ਖਿਲਾਫ ਦੋਸ਼ ਤੈਅ ਕਰਨ ਦਾ ਫੈਸਲਾ ਰੱਖਿਆ ਸੁਰੱਖਿਅਤ

post-img

ਅਦਾਲਤ ਨੇ 1984 ਦੰਗਿਆਂ ਦੇ ਇਕ ਮਾਮਲੇ ‘ਚ ਟਾਈਟਲਰ ਖਿਲਾਫ ਦੋਸ਼ ਤੈਅ ਕਰਨ ਦਾ ਫੈਸਲਾ ਰੱਖਿਆ ਸੁਰੱਖਿਅਤ ਨਵੀਂ ਦਿੱਲੀ, 19 ਜੁਲਾਈ () : ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ‘ਤੇ ਦੋਸ਼ ਤੈਅ ਕਰਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੰਗਿਆਂ ਦੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਦੇ ਕੇਸਾਂ ਦੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਕੇਂਦਰੀ ਜਾਂਚ ਏਜੰਸੀ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਵੱਲੋਂ 2 ਅਗਸਤ ਨੂੰ ਆਪਣਾ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਸੀ. ਬੀ. ਆਈ. ਨੇ ਇੱਕ ਗਵਾਹ ਦੇ ਹਵਾਲੇ ਨਾਲ ਚਾਰਜਸ਼ੀਟ ਵਿੱਚ ਦੋਸ਼ ਲਾਇਆ ਸੀ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਚਿੱਟੇ ਰੰਗ ਦੀ ਅੰਬੈਸਡਰ ਕਾਰ ਵਿੱਚੋਂ ਨਿਕਲਿਆ ਅਤੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਉਕਸਾਇਆ। ਸਾਬਕਾ ਕੇਂਦਰੀ ਮੰਤਰੀ ਟਾਈਟਲਰ ‘ਤੇ ਦੋਸ਼ ਹੈ ਕਿ ਉਸ ਨੇ ਭੀੜ ਨੂੰ ਕਿਹਾ ਸੀ, “ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ।” ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਪਿਛਲੇ ਸਾਲ ਅਗਸਤ ਵਿੱਚ ਇੱਕ ਸੈਸ਼ਨ ਅਦਾਲਤ ਨੇ ਇਸ ਮਾਮਲੇ ਵਿੱਚ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਟਾਈਟਲਰ ‘ਤੇ ਕੁਝ ਸ਼ਰਤਾਂ ਵੀ ਲਗਾਈਆਂ ਸਨ, ਜਿਨ੍ਹਾਂ ‘ਚ ਇਹ ਵੀ ਸ਼ਾਮਲ ਸੀ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਅਤੇ ਬਿਨਾਂ ਇਜਾਜ਼ਤ ਦੇ ਦੇਸ਼ ਨਹੀਂ ਛੱਡੇਗਾ।

Related Post