
ਜ਼ਿਲਾ ਵਾਲੀਬਾਲ ਐਸੋਸੀਏਸ਼ਨ ਨੇ ਕੀਤਾ ਜਿੰਮਖਾਨਾ ਕਲੱਬ ਦੇ ਪ੍ਰਧਾਨ ਡਾ. ਸੁੱਖੀ ਬੋਪਾਰਾਏ ਦਾ ਸਨਮਾਨ
- by Jasbeer Singh
- April 29, 2024

ਪਟਿਆਲਾ, 29 ਅਪ੍ਰੈਲ (ਜਸਬੀਰ)-ਜ਼ਿਲਾ ਪਟਿਆਲਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ ਦੀ ਸਾਲਾਨਾ ਮੀਟਿੰਗ ਐਸੋਸੀਏਸਨ ਦੇ ਪ੍ਰਧਾਨ ਕਰਨਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਰਘਬੀਰ ਮਾਰਗ ਵਿਖੇ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਮਹੰਤ ਆਤਮਾ ਰਾਮ ਮੁੱਖ ਸਰਪ੍ਰਸਤ, ਨਰੇਸ਼ ਪਾਠਕ ਸਾਬਕਾ ਈ.ਟੀ.ਓ ਜਰਨਲ ਸਕੱਤਰ, ਅਮਰ ਨਾਥ ਸਾਬਕਾ ਏ. ਈ. ਟੀ. ਸੀ. ਸਰਪ੍ਰਸਤ, ਬਲਬੀਰ ਸਿੰਘ ਬਲਿੰਗ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਅਰੋੜਾ ਸਰਪ੍ਰਸਤ, ਦਲਜੀਤ ਸਿੰਘ ਭੰਦੋਲ ਮੁੱਖ ਟੈਕਨੀਕਲ ਸਲਾਹਕਾਰ, ਰਾਜੇਸ਼ ਸ਼ਰਮਾ ਪ੍ਰੈਸ ਸਕੱਤਰ, ਜਗਮੇਲ ਸਿੰਘ ਸ਼ੇਰਗਿੱਲ ਸਾਬਕਾ ਏ. ਈ. ਓ. ਸਪੋਰਟਸ, ਸੁਮੇਸ਼ ਜੈਨ ਮੀਤ ਪ੍ਰਧਾਨ, ਕਿ੍ਰਸ਼ਨ ਪਾਲ ਸ਼ਰਮਾ, ਸਤੀਸ਼ ਸ਼ਰਮਾ ਵਿੱਤ ਸਕੱਤਰ, ਹੇਮੰਤ ਰਾਏ ਮਿੱਤਲ, ਸ਼ਵਿੰਦਰ ਪਾਠਕ, ਹਰਵਿੰਦਰ ਪਾਠਕ, ਕੁਲਵੰਤ ਸਿੰਘ, ਕਿਸ਼ਨ ਦੇਵ ਸਿੰਘ ਕਲੇਰ ਆਦਿ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਅੱਖਾਂ ਦੇ ਪ੍ਰਸਿੱਧ ਸਰਜਨ ਡਾ. ਸੁਖਦੀਪ ਸਿੰਘ ਬੋਪਾਰਾਏ (ਸੁੱਖੀ ਬੋਪਾਰਾਏ) ਦੇ ਰਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਪਟਿਆਲਾ ਦਾ ਪ੍ਰਧਾਨ ਬਣਨ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਨਰੇਸ਼ ਪਾਠਕ ਨੇ ਕਿਹਾ ਕਿ ਡਾ. ਸੁੱਖੀ ਬੋਪਾਰਾਏ ਇਕ ਬਹੁਪੱਖੀ ਸਖਸ਼ੀਅਤ ਹਨ। ਉਹ ਡਾਕਟਰ ਹੋਣ ਦੇ ਨਾਲ ਨਾਲ ਖੇਡਾਂ ਅਤੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਹਨ। ਮਿਊਜ਼ਿਕ ਵਿਚ ਵੀ ਉਨ੍ਹਾਂ ਬਹੁਤ ਵੱਡਾ ਨਾਮ ਕਮਾਇਆ ਹੈ। ਇਸ ਤੋਂ ਇਲਾਵਾ ਡਾ. ਬੋਪਾਰਾਏ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰਦੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਸਾਬਕਾ ਈ. ਟੀ. ਓ. ਨਰੇਸ਼ ਪਾਠਕ ਨੇ ਕਿਹਾ ਕਿ ਡਾ. ਬੋਪਾਰਾਏ ਕਿਸੇ ਵੀ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਡਾ. ਸਾਹਿਬ ਜਿਥੇ ਅੱਖਾਂ ਦੇ ਮਾਹਰ ਡਾਕਟਰ ਹਨ, ਉਥੇ ਹੀ ਜਿੰਮਖਾਨਾ ਕਲੱਬ ਦੇ ਪ੍ਰਧਾਨ ਸਮੇਤ ਹੋਰਨਾਂ ਕਈ ਸੰਸਥਾਵਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਲੰਬੇ ਸਮੇਂ ਤੋਂ ਜ਼ਿਲਾ ਵਾਲੀਬਾਲ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ। ਡਾ. ਬੋਪਾਰਾਏ ਵਲੋਂ ਸਮੇਂ ਸਮੇਂ ’ਤੇ ਐਸੋਸੀਏਸ਼ਨ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਜਦੋਂ ਵੀ ਐਸੋਸੀਏਸ਼ਨ ਵਲੋਂ ਸਟੇਟ ਜਾਂ ਨੈਸ਼ਨਲ ਲਈ ਟੀਮਾਂ ਭੇਜੀਆਂ ਜਾਂਦੀਆਂ ਹਨ ਤਾਂ ਬੋਪਾਰਾਏ ਸਾਹਬ ਵਲੋਂ ਹਮੇਸ਼ਾ ਖਿਡਾਰੀਆਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਜਾਂ ਐਸੋਸੀਏਸ਼ਨ ਨੂੰ ਆਰਥਿਕ ਸਹਾਇਤਾ ਦੀ ਲੋੜ ਹੋਵੇ ਜਾਂ ਪਟਿਆਲਾ ਜਿਲੇ ਦੇ ਵਾਲੀਬਾਲ ਖਿਡਾਰੀ ਲੜਕੇ/ਲੜਕੀਆਂ ਨੂੰ ਅੱਖਾਂ ਪ੍ਰਤੀ ਕੋਈ ਵੀ ਸਮੱਸਿਆ ਹੋਵੇ ਤਾਂ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ ਤੇ ਖਿਡਾਰੀਆਂ ਦਾ ਮੁਫਤ ਇਲਾਜ ਕਰਦੇ ਹਨ। ਸਰਪ੍ਰਸਤ ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਡਾ. ਬੋਪਾਰਾਏ ਇਕ ਬਿਹਤਰੀਨ ਡਾਕਟਰ ਦੇ ਨਾਲ ਨਾਲ ਇਕ ਬਿਹਤਰੀਨ ਸਪੋਰਟਸਮੈਨ ਹਨ। ਉਹ ਕਿਸੇ ਇਕ ਗੇਮ ਨਾਲ ਨਹੀਂ ਸਗੋਂ 18 ਦੇ ਲਗਭਗ ਖੇਡਾਂ ਨਾਲ ਜੁੜੇ ਹੋਏ ਹਨ। ਮੀਟਿੰਗ ਵਿਚ 2024-25 ਸਾਲ ਦੌਰਾਨ ਜ਼ਿਲਾ ਪਟਿਆਲਾ ਵਿਚ ਵਾਲੀਬਾਲ ਨੂੰ ਪ੍ਰਮੋਟ ਕਰਨ ਲਈ ਵਿਸ਼ੇਸ਼ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਨਾਲ ਵੱਧ ਤੋਂ ਵੱਧ ਖਿਡਾਰੀਆਂ ਅਤੇ ਕੋਚਾਂ ਨੂੰ ਜੋੜਿਆ ਜਾਵੇਗਾ ਤਾਂ ਕਿ ਜ਼ਿਲਾ ਪਟਿਆਲਾ ਵਿਚ ਵਾਲੀਬਾਲ ਦੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।