post

Jasbeer Singh

(Chief Editor)

Entertainment / Information

ਨਿਊਯਾਰਕ ’ਚ ਦਿਖਾਈਆਂ ਜਾਣਗੀਆਂ ‘ਮਿਸੇਜ਼’ ਅਤੇ ‘ਸੂਮੋ ਦੀਦੀ’ ਫ਼ਿਲਮਾਂ

post-img

: ਜੀਓ ਸਟੂਡੀਓਜ਼ ਦੀਆਂ ਦੋ ਫ਼ਿਲਮਾਂ ‘ਮਿਸੇਜ਼’ ਅਤੇ ‘ਸੂਮੋ ਦੀਦੀ’ ਆਗਾਮੀ ਨਿਊ ਯਾਰਕ ਇੰਡੀਅਨ ਫ਼ਿਲਮ ਫੈਸਟੀਵਲ ਵਿੱਚ ਦਿਖਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਫ਼ਿਲਮ ਨਿਰਮਾਤਾਵਾਂ ਨੇ ਦੱਸਿਆ ਕਿ ਦੋਵੇਂ ਫ਼ਿਲਮਾਂ ਮੇਲੇ ਦੀ ਆਖ਼ਰੀ ਦਿਨ 2 ਜੂਨ ਨੂੰ ਦਿਖਾਈਆਂ ਜਾਣਗੀਆਂ। ਸਾਨਿਆ ਮਲਹੋਤਰਾ ਦੀ ਭੂਮਿਕਾ ਵਾਲੀ ਫ਼ਿਲਮ ‘ਮਿਸੇਜ਼’ ਨਾਲ ਇਸ ਫੈਸਟੀਵਲ ਦੀ ਸਮਾਪਤੀ ਹੋਵੇਗੀ। ਡਾਇਰੈਕਟਰ ਆਰਤੀ ਕਾਦਵ ਵੱਲੋਂ ਨਿਰਦੇਸ਼ਤ ਫ਼ਿਲਮ ‘ਮਿਸੇਜ਼’ ਵਿੱਚ ਇੱਕ ਔਰਤ ਦੀ ਤਾਕਤ ਅਤੇ ਲਚੀਲੇਪਣ ਨੂੰ ਦਿਖਾਇਆ ਗਿਆ ਹੈ। ਇਹ ਫ਼ਿਲਮ ਜੀਓ ਬੇਬੀ ਦੀ ਉੱਘੀ ਮਲਿਆਲਮ ਫ਼ਿਲਮ ‘ਦਿ ਗਰੇਟ ਇੰਡੀਅਨ ਕਿਚਨ’ ਦਾ ਰੀ-ਮੇਕ ਹੈ। ‘ਪਗਲੈਟ’ ਅਤੇ ‘ਕਾਥਾਲ-ਏ ਜੈਕਫਰੂਟ ਮਿਸਟਰੀ’ ਫ਼ਿਲਮਾਂ ਕਾਰਨ ਮਕਬੂਲ ਮਲਹੋਤਰਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਅਦਾਕਾਰ ਨੇ ਕਿਹਾ ਕਿ ਉਹ ਇਸ ਫ਼ਿਲਮ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਨਿਰਦੇਸ਼ਕ ਕਾਦਵ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਨੂੰ ਇੰਨੇ ਵੱਡੇ ਫ਼ਿਲਮ ਮਹਾਉਤਸਵ ਦੀ ਸਮਾਪਤੀ ਵੇਲੇ ਇਹ ਫ਼ਿਲਮ ਦਿਖਾਉਣ ਲਈ ਚੁਣਿਆ ਗਿਆ। ਬਵੇਜਾ ਸਟੂਡੀਓਜ਼ ਦੇ ਸਹਿਯੋਗ ਨਾਲ ਜੀਓ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਨਿਸ਼ਾਂਤ ਦਹੀਆ ਤੋਂ ਇਲਾਵਾ ਕੰਵਲਜੀਤ ਸਿੰਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ ਜੋਤੀ ਦੇਸ਼ਪਾਂਡੇ, ਪੰਮੀ ਬਾਵੇਜਾ ਅਤੇ ਹਰਮਨ ਬਵੇਜਾ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਭਾਰਤ ਦੀ ਪਹਿਲੀ ਸੂਮੋ ਪਹਿਲਵਾਨ ਹੇਤਲ ਦਵੇ ਦੀ ਕਹਾਣੀ ’ਤੇ ਆਧਾਰਿਤ ਫ਼ਿਲਮ ‘ਸੂਮੋ ਦੀਦੀ’ ਵਿੱਚ ਸ਼੍ਰੀਅਮ ਭਾਗਨਾਨੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਜੇਅੰਤ ਰੋਹਤਗੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਟੋਕੀਓ ਅਤੇ ਪਾਮ ਸਪ੍ਰਿੰਗਸ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ, ਉਹ ਐੱਨਵਾਈਆਈਐੱਫਐੱਫ ਦਾ ਹਿੱਸਾ ਬਣਨ ਲਈ ਕਾਫ਼ੀ ਉਤਸੁਕ ਹਨ। ਜ਼ਿਕਰਯੋਗ ਹੈ ਕਿ ਐੱਨਵਾਈਆਈਐੱਫਐੱਫ ਭਲਕੇ 31 ਮਈ ਨੂੰ ਸ਼ੁਰੂ ਹੋ ਰਿਹਾ ਹੈ।

Related Post

Instagram