post

Jasbeer Singh

(Chief Editor)

Punjab

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

post-img

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ ਅੰਮ੍ਰਿਤਸਰ : ਉੱਤਰਾਖੰਡ ਵਿਖੇ ਲਗਭਗ 15000 ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਜਾਣਗੇ ਅਤੇ ਇਹ ਸਲਾਨਾ ਯਾਤਰਾ ਸਮਾਪਤ ਹੋ ਜਾਵੇਗੀ। ਇਸ ਤੋਂ ਪਹਿਲਾਂ ਭਲਕੇ 9 ਅਕਤੂਬਰ ਨੂੰ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ) ਇਸ ਪਾਵਨ ਅਸਥਾਨ ’ਤੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ ।ਇਹ ਯਾਤਰਾ 25 ਮਈ ਨੂੰ ਆਰੰਭ ਹੋਈ ਸੀ ਅਤੇ ਲਗਭਗ ਸਾਢੇ ਚਾਰ ਮਹੀਨੇ ਚੱਲਣ ਤੋਂ ਬਾਅਦ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ ਦੌਰਾਨ ਦੋ ਲੱਖ ਤੋਂ ਵੱਧ ਯਾਤਰੂ ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮਾਪਤੀ ਸਮਾਗਮ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਹਨ ਜਿਸ ਤੇ ਭੋਗ 10 ਅਕਤੂਬਰ ਨੂੰ ਪੈਣਗੇ।ਦੁਪਹਿਰ ਦੀ ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼ੀਤ ਕਾਲ ਵਾਸਤੇ ਸੁਖਾਸਨ ਅਸਥਾਨ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਗੜ੍ਹਵਾਲ ਸਕਾਊਟਸ ਅਤੇ ਪੰਜਾਬ ਤੋਂ ਬੈਂਡ ਜੱਥੇ ਗੁਰਬਾਣੀ ਦੀਆਂ ਧੁਨਾਂ ਵਜਾਉਂਦੇ ਹੋਏ ਗੁਰਦੁਆਰੇ ਦੀ ਪਰਿਕਰਮਾ ਕਰਨਗੇ। ਗੁਰਦੁਆਰਾ ਵਿਖੇ ਪੁਣੇ ਤੋਂ ਰਾਗੀ ਜੱਥਾ ਭਾਈ ਸੁਰਿੰਦਰ ਪਾਲ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਹੋਵੇਗੀ ਅਤੇ ਸ਼ੀਤ ਕਾਲ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ 9 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਉਹ ਸਵੇਰੇ ਦੇਹਰਾਦੂਨ ਤੋਂ ਹੈਲੀਕਾਪਟਰ ਰਾਹੀਂ ਗੁਰਦੁਆਰਾ ਗੋਬਿੰਦ ਧਾਮ ਨੇੜੇ ਘਾਂਗਰੀਆ ਹੈਲੀਪੈਡ ’ਤੇ ਉਤਰਨਗੇ, ਜਿੱਥੋਂ ਘੋੜੇ ਦੀ ਸਵਾਰੀ ਕਰਦਿਆਂ ਲਗਭਗ 6 ਕਿਲੋਮੀਟਰ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੇ। ਉਹ 9 ਅਕਤੂਬਰ ਨੂੰ ਦੁਪਹਿਰ ਦੀ 12.45 ਵਜੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਿਲ ਹੋਣਗੇ ਅਤੇ ਲਗਭਗ ਇੱਕ ਘੰਟਾ ਗੁਰਦੁਆਰਾ ਸਾਹਿਬ ਵਿੱਚ ਬਿਤਾਉਣਗੇ। ਟਰਸਟ ਦੇ ਪ੍ਰਧਾਨ ਸ੍ਰੀ ਬਿੰਦਰਾ ਖੁਦ ਵੀ ਰਾਜਪਾਲ ਦੇ ਸਵਾਗਤ ਵਾਸਤੇ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਏ ਹਨ। ਦਸ ਅਕਤੂਬਰ ਨੂੰ ਸਮਾਪਤੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਸਿੱਖ ਸੰਗਤਾਂ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਈਆਂ ਹਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂਆਤ ਵੇਲੇ ਵੀ ਰਾਜਪਾਲ ਉਚੇਚੇ ਤੌਰ ’ਤੇ ਪੁੱਜੇ ਸਨ।

Related Post