
ਕੁੰਢੀਆਂ ਦੇ ਸਿੰਗ ਫਸ'ਗੇ...ਆਪ ਵਿਧਾਇਕ ਐਡਵੋਕੇਟ ਰਜਨੀਸ਼ ਦਹਿਆ ਤੇ ਕਿਸਾਨ ਯੂਨੀਅਨ ਹੋਈ ਆਹਮੋ-ਸਾਹਮਣੇ; ਕਿਸਾਨ ਆਗੂਆਂ ਨ
- by Aaksh News
- May 1, 2024

ਸਿਆਸਤ ਦੇ ਸਭ ਤੋਂ ਵੱਡੇ ਮੁਕਾਬਲੇ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਮਾਹੌਲ ਕਾਫੀ ਗਰਮ ਅਤੇ ਦਿਲਚਸਪ ਹੁੰਦਾ ਜਾ ਰਿਹਾ ਹੈ। ਇੱਥੇ ਸਿਆਸੀ ਤੌਰ 'ਤੇ ਭਾਵੇਂ ਕਾਂਗਰਸ ਅਤੇ ਭਾਜਪਾ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾਣੇ ਅਜੇ ਬਾਕੀ ਹਨ, ਪਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਪਹਿਲਾਂ ਹੀ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵਿਚਾਲੇ ਸਿੰਘ ਫਸਦੇ ਨਜ਼ਰ ਆ ਰਹੇ ਹਨ। ਮੰਗਲਵਾਰ ਨੂੰ ਵਿਧਾਇਕ ਦਹੀਆ ਦੇ ਵਕੀਲ ਵਿਕਰਮਾਦਿੱਤਿਆ ਮਡਾਹਰ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਰੰਧਾਵਾ ਨੇ ਜ਼ਿਲ੍ਹਾ ਕਚਹਿਰੀਆਂ ਵਿਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਚਾਰ ਕਿਸਾਨਾਂ-ਗੁਰਮੀਤ ਸਿੰਘ ਘੋੜੇ ਚੱਕ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ,ਮਮਦੋਟ , ਰਣਜੀਤ ਸਿੰਘ ਢਿੱਲੋਂ, ਪ੍ਰੈਸ ਸਕੱਤਰ, ਭਾਰਤੀ ਕਿਸਾਨ ਯੂਨੀਅਨ ਅਤੇ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ ਦੇ ਮੈਂਬਰ ਨੂੰ ਉਨ੍ਹਾਂ ਦੇ ਮੁਵੱਕਿਲ (ਦਹੀਆ) ਦੀ ਇੱਜ਼ਤ ਅਤੇ ਸਾਖ਼ ਨੂੰ ਨੁਕਸਾਨ ਪਹੁੰਚਾਉਣ ਲਈ 5 ਕਰੋੜ ਰੁਪਏ ਦੀ ਰਕਮ ਦਾ ਮੁਆਵਜ਼ਾ/ਹਰਜਾਨਾ ਅਦਾ ਕਰਨ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਦਹੀਆ ਦੇ ਵਕੀਲ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਜਥੇਬੰਦੀ ਦੇ ਮੈਂਬਰਾਂ ਨੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ‘ਤੇ ਸਰਹੱਦੀ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਨੱਪਣ ਦੀ ਕੋਸ਼ਿਸ਼ ਦੇ ਦੋਸ਼ ਅਤੇ ਟਰੱਕ ਯੂਨੀਅਨ ਆਗੂਆਂ ਤੋਂ ਲੱਖਾਂ ਰੁਪਏ ਮੰਗਣ ਦੇ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਉਕਤ ਕਿਸਾਨ ਆਗੂਆਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਮੁਵੱਕਲ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਤੋਂ ਜੁਰਮਾਨੇ ਦੇ ਰੂਪ ਚ ਵਸੂਲੀ ਰਕਮ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਐਡਵੋਕੇਟ ਵਿਕਮਾ ਦਿੱਤਿਆ ਮੁਡਾਹਰ ਅਤੇ ਅਰਸ਼ਦੀਪ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਮਾਣਹਾਨੀ ਲਈ 5 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਕਿਸਾਨਾਂ ਤੋਂ ਜੁਰਮਾਨੇ ਦੇ ਰੂਪ ਵਿੱਚ ਜੇ ਕੋਈ ਰਕਮ ਵਸੂਲੀ ਜਾਂਦੀ ਹੈ ਤਾਂ ਉਹ ਧਰਨੇ ਦੌਰਾਨ ਆਪਣੀਆਂ ਜਾਨਾਂ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ । ਜੇ 30 ਦਿਨਾਂ ਅੰਦਰ ਜਵਾਬ ਨਾ ਦਿੱਤਾ ਤਾਂ ਕਰਾਂਗੇ ਸਿਵਿਲ ਅਤੇ ਫ਼ੌਜਦਾਰੀ ਕੇਸ ਵਿਧਾਇਕ ਦਹੀਆ ਦੇ ਵਕੀਲਾਂ ਨੇ ਕਿਹਾ ਕਿ ਕਾਨੂੰਨੀ ਨੋਟਿਸਾਂ ਦੇ ਅਨੁਸਾਰ, ਜੇਕਰ 30 ਦਿਨਾਂ ਦੇ ਅੰਦਰ ਜਾਂ 20 ਜੂਨ, 2024 ਤੱਕ ਕੋਈ ਜਵਾਬ ਨਹੀਂ ਮਿਲਦਾ, ਤਾਂ ਵਿਧਾਇਕ ਦਹੀਆ ਕੋਲ ਸਾਰੇ ਮੈਂਬਰਾਂ ਵਿਰੁੱਧ ਸਿਵਲ ਅਤੇ ਫ਼ੌਜਦਾਰੀ ਅਦਾਲਤ ਦਾ ਰੁੱਖ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ। ਜਦੋਂ ਨੋਟਿਸ ਆਏਗਾ ਫਿਰ ਵੇਖਾਂਗੇ: ਗੁਰਸੇਵਕ ਸਿੰਘ ਇਸ ਸਬੰਧੀ ਪੁੱਛੇ ਜਾਣ 'ਤੇ ਕਿਸਾਨ ਯੂਨੀਅਨ ਆਗੂ ਗੁਰਸੇਵਕ ਸਿੰਘ ਨੇ ਆਖਿਆ ਕਿ "ਆਉਣ ਦਿਓ ਨੋਟਿਸ।" ਇਸ ਤੋਂ ਬਾਅਦ ਉਨ੍ਹਾਂ ਦਾ "ਮੋਡ ਆਫ ਐਕਸ਼ਨ" ਕੀ ਹੋਵੇਗਾ ਪੁੱਛੇ ਜਾਣ 'ਤੇ ਗੁਰਸੇਵਕ ਸਿੰਘ ਨੇ ਆਖਿਆ,"ਕੋਈ ਗੱਲ ਨਹੀਂ, ਜਦੋਂ ਨੋਟਿਸ ਆਏਗਾ ਵੇਖਾਂਗੇ।"