
ਪੰਜਾਬੀ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ: ਪ੍ਰੋ. ਮੁਲਤਾਨੀ
- by Jasbeer Singh
- October 25, 2024

ਪੰਜਾਬੀ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ: ਪ੍ਰੋ. ਮੁਲਤਾਨੀ -ਵਿਦੇਸ਼ੀ ਵਿਦਿਆਰਥੀਆਂ ਦੇ ਸਵਾਗਤ ਲਈ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ ਪਟਿਆਲਾ, 25 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਦਿਲਚਸਪੀ ਵਧ ਰਹੀ ਹੈ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਸੈਸ਼ਨ ਦੌਰਾਨ ਦਾਖ਼ਲ ਹੋਏ ਵਿਦੇਸ਼ੀ ਵਿਦਿਆਰਥੀਆਂ ਦੇ ਸਵਾਗਤ ਲਈ ਆਯੋਜਿਤ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਇਹ ਵਿਚਾਰ ਪ੍ਰਗਟ ਕੀਤੇ । ਸਾਲ 2024-25 ਦੌਰਾਨ ਦਾਖ਼ਲ ਵਿਦਿਆਰਥੀਆਂ ਦੇ ਸਵਾਗਤ ਲਈ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਦੇਸਾਂ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਸੱਭਿਆਚਾਰਕ ਪਹਿਰਾਵੇ ਪਹਿਨ ਕੇ ਸ਼ਮੂਲੀਅਤ ਕੀਤੀ । ਪ੍ਰੋ.ਮੁਲਤਾਨੀ ਨੇ ਕਿਹਾ ਕਿ ਵਿਦੇਸ਼ੀ ਮੂਲ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਅਤੇ ਅਟੁੱਟ ਅੰਗ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਅਤੇ ਹਿਤਾਂ ਦਾ ਯੂਨੀਵਰਸਿਟੀ ਵੱਲੋਂ ਪਹਿਲ ਦੇ ਅਧਾਰ ਉੱਤੇ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦਾ ਸਰਮਾਇਆ ਹਨ। ਇਹ ਵਿਦਿਆਰਥੀ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਪਹੁੰਚਦੇ ਹਨ ਅਤੇ ਸਿੱਖਿਆ ਪ੍ਰਾਪਤੀ ਉਪਰੰਤ ਸੰਸਾਰ ਦੀਆਂ ਵੱਖ-ਵੱਖ ਥਾਵਾਂ ਉੱਤੇ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਖੁਸ਼ਬੋਅ ਨੂੰ ਲੈ ਕੇ ਜਾਂਦੇ ਹਨ । ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਡੀਨ ਡਾ. ਡੀ. ਕੇ. ਮਦਾਨ ਵੱਲੋਂ ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਬੋਲਦਿਆਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਲਈ ਹਰ ਪੱਖੋਂ ਬਿਹਤਰ ਚੋਣ ਸਾਬਿਤ ਹੋਵੇਗੀ । ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਵੱਲੋਂ ਆਪੋ ਆਪਣੇ ਮੁਲਕਾਂ ਅਤੇ ਖਿੱਤਿਆਂ ਨਾਲ਼ ਸੰਬੰਧਤ ਪੇਸ਼ਕਾਰੀਆਂ ਕੀਤੀਆਂ ਗਈਆਂ । ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।