
ਹਾਥਰਸ ਵਿਖੇ ਵਾਪਰੀ ਦੁਖਦਾਈ ਘਟਨਾ ਲਈ ਸਥਾਨਕ ਪ੍ਰਸ਼ਾਸਨ ਤੇ ਸਮਾਗਮ ਪ੍ਰਬੰਧਕ ਪੂਰੀ ਤਰ੍ਹਾਂ ਜੁੰਮੇਵਾਰ: ਬਾਬਾ ਬਲਬੀਰ ਸਿੰਘ
- by Jasbeer Singh
- July 3, 2024

ਹਾਥਰਸ ਵਿਖੇ ਵਾਪਰੀ ਦੁਖਦਾਈ ਘਟਨਾ ਲਈ ਸਥਾਨਕ ਪ੍ਰਸ਼ਾਸਨ ਤੇ ਸਮਾਗਮ ਪ੍ਰਬੰਧਕ ਪੂਰੀ ਤਰ੍ਹਾਂ ਜੁੰਮੇਵਾਰ: ਬਾਬਾ ਬਲਬੀਰ ਸਿੰਘ ਅਕਾਲੀ ਅੰਮ੍ਰਿਤਸਰ:-3 ਜੁਲਾਈ ( ) ਉਤਰ ਪ੍ਰਦੇਸ ਵਿੱਚ ਵਾਪਰੀ ਦੁਖਦਾਈ ਅਫਸੋਸਜਨਕ ਘਟਨਾ ਤੇ ਪ੍ਰਤੀਕਰਮ ਦੇਂਦਿਆ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਧਾਰਮਿਕ ਸਮਾਗਮ ਵਿਚ ਭਾਜੜ ਕਾਰਨ ਸਵਾ ਸੌ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਜਾਣੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ, ਇਹ ਘਟਨਾ ਇਸ ਲਈ ਵਾਪਰੀ ਹੈ ਕਿਉਂਕਿ ਇਸ ਸਮਾਗਮ ਵਿਚ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਤਾਦਾਦ ਵਿਚ ਲੋਕ ਸ਼ਾਮਲ ਹੋਏ ਅਤੇ ਮਾੜੇ ਪ੍ਰਬੰਧਾਂ ਸਦਕਾ ਭਾਜੜ ਮਚ ਗਈ ਅਤੇ ਲੋਕਾਂ ਨੇ ਹੀ ਇਕ-ਦੂਜੇ ਨੂੰ ਕੁਚਲ ਦਿੱਤਾ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਜਾਨੀ ਨੁਕਸਾਨ ਦਾ ਕਾਰਨ ਹੀ ਨਹੀਂ ਬਣਦੀਆਂ ਬਲਕਿ ਦੇਸ਼ ਦੀ ਬਦਨਾਮੀ ਵੀ ਕਰਵਾਉਂਦੀਆਂ ਹਨ। ਉਨ੍ਹਾਂ ਕਿਹਾ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਭਾਵੇਂ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਪਰ ਆਮ ਤੌਰ `ਤੇ ਇਹੀ ਦੇਖਣ ਵਿਚ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕਾਰਵਾਈ ਨਾਹ ਬਰਾਬਰ ਹੁੰਦੀ ਹੈ। ਇਸੇ ਕਾਰਨ ਸਮੇਂ-ਸਮੇਂ `ਤੇ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ। ਕੀ ਪ੍ਰਬੰਧਕਾਂ ਨੇ ਏਡਾ ਵੱਡਾ ਇਕੱਠ ਕਰਨ ਅਤੇ ਉਸ ਦੇ ਪ੍ਰਬੰਧਾਂ ਸਬੰਧੀ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਕਿਉਂ ਨਾ ਕੀਤੀ। ਉਨ੍ਹਾਂ ਕਿਹਾ ਧਾਰਮਿਕ ਸਮਾਗਮਾਂ ਵਿੱਚ ਨਾਕਸ ਪ੍ਰਬੰਧਾਂ ਅਤੇ ਅਣਦੇਖੀ ਕਾਰਨ ਲੋਕਾਂ ਦੀ ਜਾਨ ਚਲੇ ਜਾਣ ਦੇ ਸਿਲਸਿਲੇ `ਤੇ ਇਸ ਲਈ ਵਿਰਾਮ ਨਹੀਂ ਲੱਗ ਪਾ ਰਿਹਾ ਕਿਉਂਕਿ ਦੋਸ਼ੀਆਂ ਵਿਰੁੱਧ ਕਦੇ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਮਿਸਾਲ ਬਣ ਸਕੇ। ਉਨ੍ਹਾਂ ਕਿਹਾ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੇ ਇਹ ਦੇਖਣ-ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਭਾਰੀ ਭੀੜ ਨੂੰ ਸੰਭਾਲਣ ਦੀ ਢੁੱਕਵੀਂ ਵਿਵਸਥਾ ਹੈ ਜਾਂ ਨਹੀਂ, ਭੀੜ ਨਾਲ ਕਿਵੇਂ ਸਿੱਝਿਆ ਜਾਵੇਗਾ? ਹਾਥਰਸ ਵਿਚ ਇੰਨੀ ਜ਼ਿਆਦਾ ਗਿਣਤੀ ਵਿਚ ਲੋਕਾਂ ਦੇ ਮਾਰੇ ਜਾਣ `ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ਦਾ ਤਾਂਤਾ ਲੱਗੇਗਾ ਪਰ ਕੀ ਦੁੱਖ ਜ਼ਾਹਰ ਕਰਨ ਵਾਲੇ ਅਜਿਹੇ ਕੋਈ ਉਪਾਅ ਵੀ ਯਕੀਨੀ ਬਣਾ ਸਕਣਗੇ ਜਿਨ੍ਹਾਂ ਸਦਕਾ ਭਵਿੱਖ ਵਿਚ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ? ਕੀ ਉਥੋਂ ਦੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ? ਲਾਪਰਵਾਹੀ ਹੀ ਅਜਿਹੇ ਦੁਖਦਾਈ ਪਲਾਂ ਨੂੰ ਜਨਮ ਦੇਂਦੀ ਹੈ।