

ਪਟਿਆਲਾ, 23 ਅਪ੍ਰੈਲ (ਜਸਬੀਰ)-ਨਗਰ ਨਿਗਮ ਵਿਚ ਜਦੋਂ ਤੋਂ ਯੰਗ ਆਈ. ਏ. ਐਸ. ਅਧਿਕਾਰੀ ਆਦਿਤਿਆ ਡੇਚਲਵਾਲ ਨੇ ਨਿਗਮ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ ਹੈ, ਉਨ੍ਹਾਂ ਵਲੋਂ ਲਗਾਤਾਰ ਬਿਹਤਰੀਨ ਕੰਮ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਥਾਪਰ ਯੂਨੀਵਰਸਿਟੀ ਵਿਚ ਨਗਰ ਨਿਗਮ ਦੀ ਕਰੋੜਾਂ ਰੁਪਏ ਦੀ ਜ਼ਮੀਨ ਨਗਰ ਨਿਗਮ ਦੀ ਸੀ, ਉਸ ਦਾ ਕਬਜ਼ਾ ਲੈ ਲਿਆ ਹੈ। ਕੁੱਝ ਲੋਕ ਲੰਬੇ ਸਮੇਂ ਤੋਂ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਨਿਗਮ ਕਮਿਸ਼ਨਰ ਨੂੰ ਇਸ ਗੱਲ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨਗਰ ਨਿਗਮ ਦੀ ਲੈਂਡ ਬ੍ਰਾਂਚ ਡਿਊਟੀ ਲਾਈ ਕਿ ਮਾਲ ਵਿਭਾਗ ਨਾਲ ਤਾਲਮੇਲ ਕਰਕੇ ਇਸ ਜ਼ਮੀਨ ਦਾ ਰਿਕਾਰਡ ਲਿਆ ਜਾਵੇ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਜੋ ਵੀ ਜ਼ਮੀਨ ਨਗਰ ਨਿਗਮ ਦੇ ਨਾਮ ਬੋਲਦੀ ਸੀ, ਮੰਗਲਵਾਰ ਨੂੰ ਨਿਗਮ ਦੀ ਲੈਂਡ ਬ੍ਰਾਂਚ ਦੀ ਟੀਮ ਨੇ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਸ ਦੀ ਮਦਦ ਨਾਲ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜ਼ਿਲਾ ਪ੍ਰਸ਼ਾਸ਼ਨ ਵਲੋਂ ਨਾਇਬ ਤਹਿਸੀਲਦਾਰ ਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਸੀ ਜਦੋਂ ਕਿ ਐਸ. ਐਸ. ਪੀ. ਵਲੋਂ ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਇੰਸ. ਐਸ. ਐਸ. ਬਰਾੜ ਅਤੇ ਪੁਲਸ ਚੌਂਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਨੂੰ ਪੁਲਸ ਪਾਰਟੀ ਨਾਲ ਤਾਇਨਾਤ ਕੀਤਾ ਗਿਆ ਸੀ। ਜ਼ਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਾ ਕੇ ਇਥੇ ਨਿਗਮ ਵਲੋਂ ਬੋਰਡ ਵੀ ਲਾ ਦਿੱਤੇ ਗਏ ਹਨ। ਨਿਗਮ ਦੀ ਜਿੰਨੀ ਵੀ ਜ਼ਮੀਨ ਸੀ, ਉਸ ਦੀ ਹੱਦਬੰਦੀ ਕਰ ਦਿੱਤੀ ਗਈ ਹੈ। ਨਿਗਮ ਕਮਿਸ਼ਨਰ ਡੇਚਲਵਾਲ ਨੇ ਦੱਸਿਆ ਕਿ ਭਵਿੱਖ ਵਿਚ ਇਸ ਜਗ੍ਹਾ ਦਾ ਸ਼ਹਿਰ ਨਿਵਾਸੀਆਂ ਦੇ ਹਿੱਤ ਵਿਚ ਇਸਤੇਮਾਲ ਕੀਤਾ ਜਾਵੇਗਾ। ਨਗਰ ਨਿਗਮ ਦੀ ਲੈਂਡ ਬ੍ਰਾਂਚ ਦੇ ਇੰਚਾਰਜ ਅਤੇ ਨਗਰ ਨਿਗਮ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਲੈਂਡ ਬ੍ਰਾਂਚ ਦੇ ਸੁਪਰਡੈਂਟ ਸੰਜੀਵ ਗਰਗ, ਇੰਸ. ਮਨੀਸ਼ ਪੁਰੀ, ਵਿਸ਼ਾਲ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਹਾਜ਼ਰ ਸਨ।