
ਜੰਮੂ ਕਸ਼ਮੀਰ ਦੇ ਲੋਕ ਕੇਂਦਰ ਦੇ ਗ਼ੁਲਾਮ ਨਹੀਂ ਬਲਕਿ ਆਪਣੀਆਂ ਜ਼ਮੀਨਾਂ ਦੇ ਅਸਲ ਮਾਲਕ ਹਨ : ਫ਼ਾਰੂਕ ਅਬਦੁੱਲਾ
- by Jasbeer Singh
- September 6, 2024

ਜੰਮੂ ਕਸ਼ਮੀਰ ਦੇ ਲੋਕ ਕੇਂਦਰ ਦੇ ਗ਼ੁਲਾਮ ਨਹੀਂ ਬਲਕਿ ਆਪਣੀਆਂ ਜ਼ਮੀਨਾਂ ਦੇ ਅਸਲ ਮਾਲਕ ਹਨ : ਫ਼ਾਰੂਕ ਅਬਦੁੱਲਾ ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਕੇਂਦਰ ਦੇ ਗ਼ੁਲਾਮ ਨਹੀਂ ਬਲਕਿ ਆਪਣੀਆਂ ਜ਼ਮੀਨਾਂ ਦੇ ਅਸਲ ਮਾਲਕ ਹਨ। ਬਡਗਾਮ ਜ਼ਿਲ੍ਹੇ ਦੇ ਬੀੜਵਾਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ, ‘‘ਮੈਂ ਤੁਹਾਨੂੰ ਇਕ ਚੀਜ਼ ਦੱਸ ਦਿਆਂ…ਅਸੀਂ ਉਨ੍ਹਾਂ ਦੇ ਗ਼ੁਲਾਮ ਨਹੀਂ ਹਾਂ। ਇਸ ਸੂਬੇ ਦੇ ਲੋਕ ਇਸ ਥਾਂ ਦੇ ਅਸਲ ਮਾਲਕ ਹਨ, ਇਹ ਯਾਦ ਰੱਖਣਾ।’’ ਅਬਦੁੱਲਾ ਅਸੈਂਬਲੀ ਚੋਣਾਂ ਮਗਰੋਂ ਜੰਮੂ ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕੀਤੇ ਜਾਣ ਦੀ ਉਮੀਦ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।ਬੀੜਵਾਹ ਤੋਂ ਪਾਰਟੀ ਉਮੀਦਵਾਰ ਨਾਲ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਵਿੱਚ ਭਾਜਪਾ ਦੇ ਹਮਾਇਤੀਆਂ ਨੂੰ ਜਲਦੀ ਹੀ ਸੁਰਤ ਆ ਜਾਵੇਗੀ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਦੇ ਚਾਪਲੂਸਾਂ ਨੂੰ ਕਿਹਾ ਹੈ ਕਿ ਉਹ ਨੀਂਦ ’ਚੋਂ ਉੱਠ ਖੜ੍ਹਨ। ਇਕ ਹਨੇਰੀ ਆਏਗੀ ਤੇ ਉਨ੍ਹਾਂ ਨੂੰ ਇਸ ਦਾ ਸਾਹਮਣਾ ਕਰਨਾ ਹੋਵੇਗਾ।’’ ਕੁਝ ਆਗੂਆਂ ਵੱਲੋਂ ਨੈਸ਼ਨਲ ਕਾਨਫਰੰਸ ਛੱਡ ਕੇ ਜਾਣ ਬਾਰੇ ਅਬਦੁੱਲਾ ਨੇ ਕਿਹਾ ਕਿ ਚੋਣਾਂ ਦੌਰਾਨ ਇਹ ਆਮ ਗੱਲ ਹੈ। ਵੱਖਵਾਦੀਆਂ ਵੱਲੋਂ ਚੋਣਾਂ ਲੜਨ ਦੇ ਦੋਸ਼ਾਂ ਬਾਰੇ ਐੱਨਸੀ ਆਗੂ ਨੇ ਕਿਹਾ ਕਿ ਇਹ ਸਵਾਲ ਉਨ੍ਹਾਂ ਨੂੰ ਕੀਤਾ ਜਾਣਾ ਚਾਹੀਦਾ ਹੈ ਜੋ ਇਥੇ ਪਾਕਿਸਤਾਨ ਪੱਖੀ ਨਾਅਰੇ ਲਾ ਰਹੇ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ ਸੰਵਾਦ ਦੀ ਅਕਸਰ ਕੀਤੀ ਜਾਂਦੀ ਮੰਗ ਬਾਰੇ ਪੁੱਛਣ ’ਤੇ ਅਬਦੁੱਲਾ ਨੇ ਕਿਹਾ, ‘‘ਇਹ ਗੱਲਬਾਤ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਜਾ ਸਕਦੀ ਹੈ, ਫਾਰੂਕ ਅਬਦੁੱਲਾ ਵੱਲੋਂ ਨਹੀਂ।’’ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਾਰਾ 370 ਬਹਾਲ ਕੀਤੇ ਜਾਣ ਸਬੰਧੀ ਜੰਮੂ ਕਸ਼ਮੀਰ ਅਸੈਂਬਲੀ ਵਿਚ ਪੇਸ਼ ਕੀਤੇ ਜਾਣ ਵਾਲੇ ਕਿਸੇ ਵੀ ਮਤੇ ਦੀ ਹਮਾਇਤ ਕਰੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.