post

Jasbeer Singh

(Chief Editor)

crime

ਪੁਲਸ ਨੇ ਹਨੀ ਟੈ੍ਰਪ ਵਿਚ ਫਸਾ ਕੇ ਲੁੱਟਣ ਵਾਲੇ ਗਿਰੋਹ ਦੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

post-img

ਪੁਲਸ ਨੇ ਹਨੀ ਟੈ੍ਰਪ ਵਿਚ ਫਸਾ ਕੇ ਲੁੱਟਣ ਵਾਲੇ ਗਿਰੋਹ ਦੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੇ ਸਥਾਨਕ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਇਕ ਵਿਅਕਤੀ ਨੂੰ ਸਕੂਟਰੀ ਸਵਾਰ ਦੋ ਔਰਤਾਂ ਵੱਲੋਂ ਹਨੀ ਟਰੈਪ ਵਿਚ ਫਸਾ ਕੇ 50 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ `ਤੇ ਉਕਤ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦ ਕਿ ਦੋ ਔਰਤਾਂ ਸਮੇਤ ਤਿੰਨ ਜਣਿਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਪੁਲਿਸ ਵਿਭਾਗ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਵਸਨੀਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੰਘੀ 10 ਸਤੰਬਰ ਨੂੰ ਉਹ ਰੇਲ ਗੱਡੀ ਰਾਹੀਂ ਬਠਿੰਡਾ ਤੋਂ ਹਨੁਮਾਨਗੜ੍ਹ ਜਾ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਗੱਡੀ ਚੱਲਣ ਵਿਚ ਅਜੇ ਦੋ ਘੰਟੇ ਦਾ ਸਮਾਂ ਬਾਕੀ ਪਿਆ ਸੀ। ਇਸ ਲਈ ਉਹ ਰੋਟੀ ਖਾਣ ਲਈ ਰੇਲਵੇ ਸਟੇਸ਼ਨ `ਦੇ ਬਾਹਰ ਇਕ ਢਾਬੇ `ਤੇ ਚਲਾ ਗਿਆ। ਪੀੜਤ ਵਿਅਕਤੀ ਨੇ ਦੱਸਿਆ ਹੈ ਕਿ ਜਦ ਉਹ ਰੋਟੀ ਖਾ ਕੇ ਬਾਹਰ ਆਇਆ ਤਾਂ ਸਕੂਟਰੀ ਸਵਾਰ ਦੋ ਔਰਤਾਂ ਉਸ ਨੂੰ ਮਿਲੀਆਂ ਅਤੇ ਬਹਾਨੇ ਨਾਲ ਉਸ ਨਾਲ ਗੱਲਾਂ ਕਰਨ ਲੱਗ ਪਈਆਂ। ਇਸ ਦੌਰਾਨ ਉਕਤ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਉਲਝਾ ਲਿਆ ਅਤੇ ਨਜ਼ਦੀਕ ਹੀ ਸਥਿਤ ਕਿਸੇ ਘਰ ਵਿਚ ਲੈ ਗਈਆਂ। ਪੀੜਤ ਅਨੁਸਾਰ ਉਕਤ ਘਰ ਵਿਚ ਪਹਿਲਾਂ ਤੋਂ ਹੀ ਦੋ ਔਰਤਾਂ ਸਮੇਤ ਚਾਰ ਜਣੇ ਮੌਜੂਦ ਸਨ। ਉਕਤ ਵਿਅਕਤੀਆਂ ਨੇ ਉਸ ਨੂੰ ਧਮਕੀਆਂ ਦੇ ਕੇ ਕੱਪੜੇ ਲੁਹਾ ਲਏ ਅਤੇ ਵੀਡੀਓ ਬਣਾ ਲਈ। ਪੀੜਤ ਅਨੁਸਾਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦ ਉਸਨੇ ਆਪਣੇ ਕੋਲ ਇੰਨੀ ਰਕਮ ਹੋਣ ਤੋਂ ਇਨਕਾਰ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਮੋਬਾਇਲ ਨੰਬਰ ਤੋਂ ਅਪਣੇ ਮੋਬਾਈਲ ਨੰਬਰ ਤੇ ਪੇਟੀਐਮ ਦੇ ਰਾਹੀਂ 50 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ। ਪੀੜਤ ਨੇ ਦੱਸਿਆ ਹੈ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਉਸ ਦੇ ਆਧਾਰ ਕਾਰਡ ਦੀ ਇਕ ਫੋਟੋ ਸਟੇਟ ਕਾਪੀ ਤੇ ਦਸਤਖਤ ਕਰਾਏ ਅਤੇ ਐਕਟਿਵਾ `ਤੇ ਬਿਠਾ ਕੇ ਸਥਾਨਕ ਪਰਸਰਾਮ ਨਗਰ ਵਿਚ ਛੱਡ ਗਏ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਅਨੁਸਾਰ ਪੂਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਕਤ ਵਾਰਦਾਤ ਨੂੰ ਜਸਪ੍ਰੀਤ ਕੌਰ ਉਸਦੇ ਪਤੀ ਹਰਸ਼ਤ ਕੁਮਾਰ ਵਾਸੀ ਰਾਮਪੁਰਾ ਫੂਲ, ਖੁਸ਼ਪ੍ਰੀਤ ਕੌਰ, ਨਿੰਮੀ ਅਤੇ ਪਿੰਡ ਤਿਓਣਾ ਦੇ ਵਸਨੀਕ ਜਗਸੀਰ ਸਿੰਘ, ਬਲਦੇਵ ਸਿੰਘ ਵਾਸੀ ਪਿੰਡ ਝੁੰਬਾ ਨੇ ਅੰਜਾਮ ਦਿੱਤਾ ਹੈ। ਜਿਸ `ਤੇ ਕਥਿਤ ਦੋਸ਼ੀ ਹਰਸ਼ਤ ਕੁਮਾਰ, ਜਗਸੀਰ ਸਿੰਘ, ਬਲਦੇਵ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ। ਫੜੇ ਗਏ ਕਥਿਤ ਦੋਸ਼ੀਆਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਬਿਨਾਂ ਨੰਬਰੀ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਉਹ ਕਿੰਨੇ ਸਮੇਂ ਤੋਂ ਇਸ ਗੋਰਖ ਧੰਦੇ ਨੂੰ ਚਲਾ ਰਹੇ ਹਨ ਅਤੇ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।

Related Post