post

Jasbeer Singh

(Chief Editor)

Patiala News

ਪਟਿਆਲਾ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ

post-img

ਪਟਿਆਲਾ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ -4 ਕਰੋੜ ਰੁਪਏ ਨਾਲ ਬਣਨਗੀਆਂ ਪਟਿਆਲਾ ਦੇ ਵੱਖ ਵੱਖ ਮੁਹੱਲਿਆਂ ਦੀਆਂ ਸੜਕਾਂ : ਡਾ. ਰਜਤ ਓਬਰਾਏ -ਕੇਂਦਰੀ ਜੇਲ੍ਹ ਦੀ ਪਿਛਲੀ ਸੜਕ, ਅਜੀਤ ਨਗਰ, ਲੇਡੀ ਫਾਤਿਮਾ ਸਕੂਲ ਰੋਡ, ਡੀ.ਐਲ.ਐਫ ਕਲੋਨੀ ਰੋਡ ਤੇ ਝਿੱਲ ਰੋਡ ਦਾ ਕੰਮ ਸ਼ੁਰੂ ਪਟਿਆਲਾ : ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਸੱਤੇ ਦਿਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਕਰਨ ਲਈ ਪਾਈਆਂ ਜਾ ਰਹੀਆਂ ਪਾਈਪਾਂ ਕਾਰਨ ਪੁੱਟੀਆਂ ਗਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਹਲਕੇ ਵਿੱਚ ਵੱਖ ਵੱਖ ਥਾਵਾਂ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਦੱਸਿਆ ਕਿ ਇਸ ਤੋਂ ਬਿਨਾਂ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ ਵਿੱਚ ਸੀਵਰੇਜ ਪਾਈਪ ਲਾਈਨਾਂ ਪਾਉਣ ਕਾਰਨ ਪੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸੜਕਾਂ ਟੁਟੀਆਂ ਹੋਣ ਕਰਕੇ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਇਨ੍ਹਾਂ ਸੜਕਾਂ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਪਿਛਲੀ ਸੜਕ, ਅਜੀਤ ਨਗਰ, ਲੇਡੀ ਫਾਤਿਮਾ ਸਕੂਲ ਰੋਡ, ਡੀ.ਐਲ.ਐਫ ਕਲੋਨੀ ਰੋਡ ਤੇ ਝਿੱਲ ਰੋਡ ਤੋਂ ਕੋਹਲੀ ਸਵੀਟ ਤੱਕ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ। ਡਾ. ਰਜਤ ਓਬਰਾਏ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਦੇ ਚੱਲ ਰਹੇ ਕੰਮ ਦੀ ਰੋਜ਼ਾਨਾ ਸਮੀਖਿਆ ਕੀਤੀ ਜਾ ਰਹੀ ਹੈ ਤੇ ਐਸ.ਈ ਪੱਧਰ ਦੇ ਅਧਿਕਾਰੀ ਸੜਕਾਂ ਦੀ ਮੁਰੰਮਤ ਲਈ ਵਰਤੇ ਜਾ ਰਹੇ ਮੈਟੀਰੀਅਲ ਦੀ ਜਾਂਚ ਦੀ ਡਿਊਟੀ ਲਗਾਈ ਹੈ। ਕਮਿਸ਼ਨਰ ਨੇ ਦੱਸਿਆ ਕਿ ਫੁਲਕੀਆਂ ਇਨਕਲੈਵ ਤੋਂ ਤ੍ਰਿਪੜੀ ਤੱਕ, ਮਨਜੀਤ ਨਗਰ, ਫੈਕਟਰੀ ਏਰੀਆ, ਡੀ.ਐਲ.ਐਫ਼ ਤੇ ਅਨੰਦ ਨਗਰ ਦੇ ਖੇਤਰਾਂ ਦੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਲਈ ਚਾਰ ਕਰੋੜ ਰੁਪਏ ਦਾ ਟੈਂਡਰ ਪਾਸ ਹੋ ਚੁੱਕਾ ਹੈ ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਦੀਪਜੋਤ ਕੌਰ ਤੇ ਐਸ.ਈ. ਗੁਰਪ੍ਰੀਤ ਸਿੰਘ ਵਾਲੀਆ ਤੇ ਹਰਕਿਰਨ ਸਿੰਘ ਵੀ ਮੌਜੂਦ ਸਨ।

Related Post