ਤਿਹਾੜ ਜੇਲ ਅਧਿਕਾਰੀਆਂ ਕੀਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੂਚਿਤ
- by Jasbeer Singh
- August 12, 2024
ਤਿਹਾੜ ਜੇਲ ਅਧਿਕਾਰੀਆਂ ਕੀਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੂਚਿਤ ਨਵੀਂ ਦਿੱਲੀ : ਤਿਹਾੜ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੂਚਿਤ ਕੀਤਾ ਹੈ ਕਿ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਉਨ੍ਹਾਂ ਦਾ ਪੱਤਰ ਦਿੱਲੀ ਜੇਲ੍ਹ ਨਿਯਮਾਂ ਤਹਿਤ ਉਨ੍ਹਾਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਰਾਜ ਨਿਵਾਸ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਆਤਿਸ਼ੀ ਸੁਤੰਤਰਤਾ ਦਿਵਸ `ਤੇ ਆਪਣੀ ਥਾਂ `ਤੇ ਤਿਰੰਗਾ ਲਹਿਰਾਉਣਗੇ। ਤਿਹਾੜ ਜੇਲ੍ਹ ਨੰਬਰ 2 ਦੇ ਸੁਪਰਡੈਂਟ ਨੇ ਦਿੱਲੀ ਜੇਲ੍ਹ ਨਿਯਮਾਂ, 2018 ਦੇ ਵੱਖ-ਵੱਖ ਉਪਬੰਧਾਂ ਦਾ ਹਵਾਲਾ ਦਿੱਤਾ ਅਤੇ ਕੇਜਰੀਵਾਲ ਨੂੰ ਚਿੱਠੀ ਵਿੱਚ ਸਲਾਹ ਦਿੱਤੀ ਕਿ ਉਹ ਅਜਿਹੀ ਕਿਸੇ ਵੀ ਅਣਉਚਿਤ ਗਤੀਵਿਧੀ ਤੋਂ ਬਚਣ ਨਹੀਂ ਤਾਂ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਘਟਾ ਦਿੱਤਾ ਜਾਵੇਗਾ। ਪਿਛਲੇ ਹਫ਼ਤੇ ਉਪ ਰਾਜਪਾਲ ਨੂੰ ਲਿਖੇ ਪੱਤਰ ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਥਾਂ `ਤੇ ਕੈਬਨਿਟ ਮੰਤਰੀ ਆਤਿਸ਼ੀ ਦਿੱਲੀ ਸਰਕਾਰ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣਗੇ। ਹਾਲਾਂਕਿ, ਉਪ ਰਾਜਪਾਲ ਦੇ ਦਫ਼ਤਰ ਨੇ ਮੁੱਖ ਮੰਤਰੀ ਤੋਂ ਕੋਈ ਵੀ ਸੰਚਾਰ ਪ੍ਰਾਪਤ ਕਰਨ ਤੋਂ ਇਨਕਾਰ ਕੀਤਾ ਹੈ।
