ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ
- by Jasbeer Singh
- January 19, 2026
ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ ਛਤਰਪਤੀ ਸੰਭਾਜੀਨਗਰ, 19 ਜਨਵਰੀ 2026 : ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੇਕਰ ਜਾਤੀਗਤ ਭੇਦਭਾਵ ਨੂੰ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ। ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰਕੇ ਸੀ ਪਰ ਬਾਅਦ ਵਿਚ ਸਮਾਜ ਵਿਚ ਦਬਦਬਾ ਬਣਾ ਲਿਆ ਭਾਗਵਤ ਨੇ ਇੱਥੇ ਆਯੋਜਿਤ ਇਕ ਜਨਤਕ ਵਿਚਾਰ-ਚਰਚਾ ਸਮਾਰੋਹ `ਚ ਕਿਹਾ ਕਿ ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰ ਕੇ ਸੀ ਪਰ ਬਾਅਦ `ਚ ਇਸ ਨੇ ਸਮਾਜ `ਚ ਦਬਦਬਾ ਬਣਾ ਲਿਆ ਅਤੇ ਭੇਦਭਾਵ ਦਾ ਕਾਰਨ ਬਣੀ । ਇਹ ਸਮਾਰੋਹ ਸੰਘ ਦੇ ਸ਼ਤਾਬਦੀ ਸਾਲ ਦੇ ਮੌਕੇ ਆਯੋਜਿਤ ਕੀਤਾ ਗਿਆ ਸੀ, ਜਿਸ `ਚ ਉਨ੍ਹਾਂ ਨੇ ਜਨਤਾ ਨਾਲ ਵਿਚਾਰ-ਚਰਚਾ ਕੀਤੀ। ਸੂਬਾ ਸੰਘਚਾਲਕ ਅਨਿਲ ਭਾਲੇਰਾਓ ਵੀ ਮੰਚ `ਤੇ ਮੌਜੂਦ ਸਨ। ਭਾਗਵਤ ਨੇ ਜਾਤੀਵਾਦ ਦੀ ਸਮੱਸਿਆ `ਤੇ ਗੱਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਆਪਣੇ ਮਨ `ਚੋਂ ਕੱਢ ਦੇਣ । ਉਨ੍ਹਾਂ ਕਿਹਾ ਕਿ ਇਸ ਭੇਦਭਾਵ ਨੂੰ ਖ਼ਤਮ ਕਰਨ ਲਈ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ। ਜੇ ਇਸ ਨੂੰ ਈਮਾਨਦਾਰੀ ਨਾਲ ਕੀਤਾ ਜਾਂਦਾ ਹੈ ਤਾਂ 10 ਤੋਂ 12 ਸਾਲਾਂ `ਚ ਜਾਤੀਵਾਦ ਖਤਮ ਹੋ ਜਾਵੇਗਾ। ਸੰਘ ਦਾ ਮਕਸਦ ਭਾਰਤ ਨੂੰ ਇਸਦਾ ਸਰਵੋਤਮ ਮਾਣ ਦੁਆਉਣਾ ਹੈ ਸਮਾਰੋਹ `ਚ ਮੌਜੂਦ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਗਵਤ ਨੇ ਕਿਹਾ ਕਿ ਸੰਘ ਦਾ ਮਕਸਦ ਭਾਰਤ ਨੂੰ ਇਸ ਦਾ ਸਰਵੋਤਮ ਮਾਣ ਦਿਵਾਉਣਾ ਹੈ, ਨਾਲ ਹੀ ਸਮਾਜ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਇਸ ਤੋਂ ਪਹਿਲਾਂ ਭਾਗਵਤ ਨੇ ਮੁੰਬਈ `ਚ ਕਿਹਾ ਕਿ ਜਦੋਂ ਤੱਕ ਧਰਮ ਭਾਰਤ ਦਾ ਮਾਰਗਦਰਸ਼ਨ ਕਰਦਾ ਰਹੇਗਾ, ਦੇਸ਼ `ਵਿਸ਼ਵਗੁਰੂ’ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹਾ ਅਧਿਆਤਮਿਕ ਗਿਆਨ ਦੁਨੀਆ ਦੇ ਦੂਜੇ ਹਿੱਸਿਆਂ `ਚ ਨਹੀਂ ਪਾਇਆ ਜਾਂਦਾ ।
