
'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 'ਚ ਭਾਗ ਲੈਣ ਲਈ ਖਿਡਾਰੀ ਮੌਕੇ 'ਤੇ ਕਰਵਾ ਸਕਣਗੇ ਰਜਿਸਟਰੇਸ਼ਨ : ਜ਼ਿਲ੍ਹਾ ਖੇਡ ਅਫ਼ਸਰ
- by Jasbeer Singh
- August 28, 2024

'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 'ਚ ਭਾਗ ਲੈਣ ਲਈ ਖਿਡਾਰੀ ਮੌਕੇ 'ਤੇ ਕਰਵਾ ਸਕਣਗੇ ਰਜਿਸਟਰੇਸ਼ਨ : ਜ਼ਿਲ੍ਹਾ ਖੇਡ ਅਫ਼ਸਰ 'ਖੇਡਾਂ ਵਤਨ ਪੰਜਾਬ ਦੀਆਂ' ਦਾ ਉਦਘਾਟਨ 29 ਅਗਸਤ ਨੂੰ ਪਟਿਆਲਾ, 28 ਅਗਸਤ: ਸੂਬੇ ਵਿੱਚ 29 ਅਗਸਤ ਤੋਂ 'ਖੇਡਾਂ ਵਤਨ ਪੰਜਾਬ ਦੀਆਂ 2024' ਸੀਜ਼ਨ-3 ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਖੇਡਾਂ ਦਾ ਉਦਘਾਟਨ 29 ਅਗਸਤ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਦੇ ਬਲਾਕ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਖਿਡਾਰੀ ਆਪਣੀ ਰਜਿਸਟਰੇਸ਼ਨ ਮੌਕੇ 'ਤੇ ਵੀ ਆਫ਼ਲਾਈਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਫ਼ਲਾਈਨ ਰਜਿਸਟਰੇਸ਼ਨ ਕਰਵਾਉਣ ਵਾਲੇ ਖਿਡਾਰੀ ਪਿੰਡ ਦੇ ਸਰਪੰਚ, ਸਕੂਲ ਪ੍ਰਿੰਸੀਪਲ ਦੇ ਹਸਤਾਖਰ ਅਤੇ ਮੋਹਰ ਨਾਲ ਫਾਰਮ ਨੂੰ ਤਸਦੀਕ ਕਰਵਾਉਣ ਅਤੇ ਫਾਰਮ ਜਮ੍ਹਾਂ ਕਰਵਾਉਣ ਸਮੇਂ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਫ਼ੋਟੋ ਕਾਪੀ ਨੱਥੀ ਕਰਨੀ ਵੀ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੀਆਂ ਖੇਡਾਂ ਮਿਤੀ 2-9-2024 ਤੋਂ 11-9-2024 ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2 ਤੋਂ 4 ਸਤੰਬਰ ਤੱਕ ਚਾਰ ਬਲਾਕ ਪਟਿਆਲਾ ਸ਼ਹਿਰ, ਪਾਤੜਾਂ, ਸ਼ੰਭੂ ਕਲਾਂ ਅਤੇ ਪਟਿਆਲਾ ਦਿਹਾਤੀ ਦੇ ਮੁਕਾਬਲੇ ਹੋਣਗੇ। ਜਿਸ ਵਿੱਚ ਪਟਿਆਲਾ ਸ਼ਹਿਰ ਦੇ ਮੁਕਾਬਲੇ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਹੋਣਗੇ ਜਿਸ ਦੇ ਇੰਚਾਰਜ ਤੇਜਪਾਲ ਸਿੰਘ ਹਨ। ਇਸੇ ਤਰ੍ਹਾਂ ਪਾਤੜਾਂ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਸਟੇਡੀਅਮ ਘੱਗਾ ਵਿਖੇ ਹੋਣਗੇ ਇਸ ਦੇ ਇੰਚਾਰਜ ਬਹਾਦਰ ਸਿੰਘ ਹਨ। ਸ਼ੰਭੂ ਕਲਾਂ ਬਲਾਕ ਦੇ ਮੁਕਾਬਲੇ ਯੂਨੀਵਰਸਿਟੀ ਕਾਲਜ ਘਨੌਰ ਤੇ ਬਹਾਦਰਗੜ੍ਹ ਸਟੇਡੀਅਮ ਘਨੌਰ ਵਿਖੇ ਹੋਣਗੇ ਜਿਸ ਦੇ ਇੰਚਾਰਜ ਕੰਵਲਦੀਪ ਸਿੰਘ ਹਨ। ਪਟਿਆਲਾ ਦਿਹਾਤੀ ਦੇ ਮੁਕਾਬਲੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਵਿਖੇ ਹੋ ਰਹੇ ਹਨ ਜਿਸ ਦੇ ਇੰਚਾਰਜ ਨਰੇਸ਼ ਰਜੋਰੀਆਂ ਹਨ । ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 9 ਤੋਂ 11 ਸਤੰਬਰ ਤੱਕ ਛੇ ਬਲਾਕਾਂ ਦੇ ਸਮਾਣਾ, ਸਨੌਰ, ਨਾਭਾ, ਘਨੌਰ, ਰਾਜਪੁਰਾ ਅਤੇ ਭੁਨਰਹੇੜੀ ਦੇ ਮੁਕਾਬਲੇ ਹੋਣਗੇ। ਇਸ ਵਿੱਚ ਸਮਾਣਾ ਬਲਾਕ ਦੇ ਮੁਕਾਬਲੇ ਪਬਲਿਕ ਕਾਲਜ ਸਮਾਣਾ ਵਿਖੇ ਹੋਣਗੇ ਜਿਸ ਦੇ ਇੰਚਾਰਜ ਬਲਬੀਰ ਚੰਦ ਹਨ। ਬਲਾਕ ਸਨੌਰ ਦੇ ਮੁਕਾਬਲੇ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਨੌਰ ਵਿਖੇ ਹੋਣਗੇ ਜਿਸ ਦੇ ਇੰਚਾਰਜ ਇੰਦਰਜੀਤ ਸਿੰਘ ਹਨ। ਬਲਾਕ ਨਾਭਾ ਦੇ ਮੁਕਾਬਲੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਹੋਣਗੇ ਜਿਸ ਦੇ ਇੰਚਾਰਜ ਪਰਮਿੰਦਰ ਸਿੰਘ ਹਨ। ਘਨੌਰ ਬਲਾਕ ਦੇ ਮੁਕਾਬਲੇ ਯੂਨੀਵਰਸਿਟੀ ਕਾਲਜ ਘਨੌਰ ਤੇ ਬਹਾਦਰਗੜ੍ਹ ਸਟੇਡੀਅਮ ਘਨੌਰ ਵਿਖੇ ਹੋਣਗੇ ਜਿਸ ਦੇ ਇੰਚਾਰਜ ਇੰਦਰਜੀਤ ਸਿੰਘ ਹਨ। ਰਾਜਪੁਰਾ ਬਲਾਕ ਦੇ ਮੁਕਾਬਲੇ ਐਮ.ਸੀ. ਸਟੇਡੀਅਮ ਨਿਲਪੁਰ ਰਾਜਪੁਰਾ ਵਿਖੇ ਹੋਣਗੇ ਜਿਸ ਦੇ ਇੰਚਾਰਜ ਹਰਮਨਪ੍ਰੀਤ ਸਿੰਘ ਹਨ। ਬਲਾਕ ਭੁਨਰਹੇੜੀ ਦੇ ਮੁਕਾਬਲੇ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸੀਂਗਣ ਤੇ ਕੇ.ਵੀ ਕਾਲਜ ਫਤਿਹਪੁਰ ਰਾਜਪੁਤਾਂ ਭਗਵਾਨਪੁਰਾ ਜੱਟਾ ਵਿਖੇ ਕਰਵਾਏ ਜਾਣਗੇ ਇਸ ਦੇ ਇੰਚਾਰਜ ਲਤੀਫ ਮੁਹੰਮਦ ਹੋਣਗੇ। ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ 2024' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਖੋ ਖੋ, ਐਥਲੈਟਿਕਸ, ਵਾਲੀਬਾਲ (ਸਮੈਸਿੰਗ ਤੇ ਸ਼ੂਟਿੰਗ) ਖੇਡਾਂ 'ਚ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਨ ਲਾਈਨ ਰਜਿਸਟਰੇਸ਼ਨ ਲਈ ਖਿਡਾਰੀ https://eservices.punjab.gov.in 'ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਤੇ ਮੌਕੇ 'ਤੇ ਆਫ਼ਲਾਈਨ ਰਜਿਸਟਰੇਸ਼ਨ ਵੀ ਕਰਵਾਈ ਜਾ ਸਕੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.