

ਪਿੰਡ ਹਸਨਪੁਰ ਵਿਖੇ ਵਾਪਰਿਆ ਟੈ੍ਰਕਟਰ ਕਾਂਡ ਨਾਭਾ, 3 ਜੁਲਾਈ : ਪਟਿਆਲਾ ਜਿ਼ਲਾ ਅਧੀਨ ਆਉਂਦੇ ਨਾਭਾ ਬਲਾਕ ਦੇ ਪਿੰਡ ਹਸਨਪੁਰ ਪੁਲ ਦੇ ਨਜ਼ਦੀਕ ਨਰੇਗਾ ਮਜ਼ਦੂਰਾਂ ਦੇ ਉੱਪਰ ਟਰੈਕਟਰ ਚੜ੍ਹਨ ਕਾਰਨ ਵਾਪਰੇ ਹਾਦਸੇ ਵਿਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਟਰੈਕਟਰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਜਿਸ ਦੀ ਸਪੀਡ ਬਹੁਤ ਜ਼ਿਆਦਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜ਼ਖਮੀਆਂ ਦਾ ਹਾਲ ਜਾਨਣ ਲਈ ਪਹੁੰਚੇ ਅਤੇ ਅਣਗਹਿਲੀ ਵਰਤਣ ਵਾਲੇ ਟਰੈਕਟਰ ਚਾਲਕ ਖ਼ਿਲਾਫ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਧਿਆਨ ਹਿੱਤ ਲਿਆਵਾਂਗਾ ਕਿ ਜੋ ਗਰੀਬ ਨਰੇਗਾ ਮਜ਼ਦੂਰਾਂ ਨਾਲ ਇਹ ਹਾਦਸਾ ਵਾਪਰਿਆ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।