ਯੂਟੀ ਦੇ ਪ੍ਰਾਈਵੇਟ ਸਕੂਲਾਂ ਵਿਚ ਚੱਲਦੀਆਂ ਬੱਸਾਂ ਵਿੱਚ ਵਿਦਿਆਰਥੀਆਂ ਲਈ ਸਫ਼ਰ ਕਰਨਾ ਹੋਰ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਨੇ ਸਾਰੇ ਸਕੂਲਾਂ ਵਿੱਚ ਦੋ ਸੌ ਰੁਪਏ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ ਫ਼ੀਸ ਵਧਾ ਦਿੱਤੀ ਹੈ। ਦੂਜੇ ਪਾਸੇ, ਬੱਸ ਮਾਲਕਾਂ ਨੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੇ ਸਰਕਾਰੀ ਨੀਤੀਆਂ ਸਾਜ਼ਗਾਰ ਨਾ ਹੋਣ ਦਾ ਹਵਾਲਾ ਦੇ ਕੇ ਫ਼ੀਸ ਵਧਾਈ ਹੈ। ਇਹ ਪਤਾ ਲੱਗਾ ਹੈ ਕਿ ਚੰਡੀਗੜ੍ਹ ਬੱਸ ਅਪਰੇਟਰਾਂ ਨੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਹਰ ਸਕੂਲ ਨੇ ਅੱਠ ਫ਼ੀਸਦੀ ਦੀ ਦਰ ਨਾਲ ਸਕੂਲ ਬੱਸ ਦੀ ਫ਼ੀਸ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ, ਪਰ ਕਈ ਸਕੂਲਾਂ ਵਿੱਚ ਦੂਰੀ ਦੇ ਹਿਸਾਬ ਨਾਲ ਬੱਸ ਫ਼ੀਸ ਦਸ ਫੀਸਦੀ ਤੱਕ ਵਧਾਈ ਗਈ ਹੈ। ਚੰਡੀਗੜ੍ਹ ਸਕੂਲ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਦੱਸਿਆ ਕਿ ਬੱਸ ਮਾਲਕਾਂ ਦਾ ਪਿਛਲੇ ਸਾਲਾਂ ਤੋਂ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਕੂਲ ਬੱਸਾਂ ਦੀ ਇੰਸ਼ੋਰੈਂਸ ਵਿਚ ਵੀ ਭਾਰੀ ਵਾਧਾ ਹੋਇਆ ਹੈ। ਇਸ ਹਾਲਤ ਵਿਚ ਬੱਸ ਮਾਲਕਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ। ਸ਼ਹਿਰ ਦੇ ਸਕੂਲਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਦਰਾਂ ਵਧਣ ਤੋਂ ਪਹਿਲਾਂ ਹਰ ਸਕੂਲ ਵਿਚ ਬੱਸ ਫ਼ੀਸਾਂ ਵੱਖ-ਵੱਖ ਹਨ। ਵਿਦਿਆਰਥੀਆਂ ਨੂੰ ਦੂਰੀ ਦੇ ਹਿਸਾਬ ਨਾਲ 2000 ਰੁਪਏ ਤੋਂ ਲੈ ਕੇ 2800 ਰਪਏ ਪ੍ਰਤੀ ਮਹੀਨਾ ਦੇਣੇ ਪੈ ਰਹੇ ਸਨ। ਭਵਨ ਵਿਦਿਆਲਿਆ ਸਕੂਲ ਦੀਆਂ ਬੱਸਾਂ ਚੰਡੀਗੜ੍ਹ ਦੇ ਵਿਦਿਆਰਥੀਆਂ ਤੋਂ 2000 ਰੁਪਏ, ਮੁਹਾਲੀ ਤੇ ਪੰਚਕੂਲਾ ਦੇ ਵਿਦਿਆਰਥੀਆਂ ਤੋਂ 2500 ਰੁਪਏ ਲੈ ਰਹੀਆਂ ਸਨ। ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਵੱਲੋਂ ਮੁਹਾਲੀ ਦੇ ਵਿਦਿਆਰਥੀਆਂ ਤੋਂ ਪਹਿਲਾਂ 2300 ਵਸੂਲੇ ਜਾ ਰਹੇ ਸਨ ਜੋ ਹੁਣ 2450 ਰੁਪਏ ਪ੍ਰਤੀ ਵਿਦਿਆਰਥੀ ਹੋਣਗੇ ਜਦਕਿ ਜ਼ੀਰਕਪੁਰ ਦੇ ਵਿਦਿਆਰਥੀ ਪਹਿਲਾਂ 2450 ਰੁਪਏ ਪ੍ਰਤੀ ਮਹੀਨਾ ਦੇ ਰਹੇ ਸਨ ਜੋ ਹੁਣ 2600 ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖਰੜ ਦੇ ਵਿਦਿਆਰਥੀ ਪਹਿਲਾਂ 2650 ਰੁਪਏ ਦਿੰਦੇ ਸਨ ਜੋ ਹੁਣ 2800 ਰੁਪਏ ਕਰ ਦਿੱਤੇ ਗਏ ਹਨ। ਸ਼ਹਿਰ ਦੇ ਸਕੂਲਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਇਸ ਵੇਲੇ ਵਿਦਿਆਰਥੀਆਂ ਨੂੰ ਦੂਰੀ ਦੇ ਹਿਸਾਬ ਨਾਲ 2000 ਰੁਪਏ ਤੋਂ ਲੈ ਕੇ 3000 ਰਪਏ ਪ੍ਰਤੀ ਮਹੀਨਾ ਦੇਣੇ ਪੈ ਰਹੇ ਹਨ। ਜੇ ਸਕੂਲ ਉਤਰੀ ਸੈਕਟਰਾਂ ਵਿਚ ਹਨ ਤਾਂ ਮੁਹਾਲੀ ਜਾਂ ਖਰੜ ਦੇ ਵਿਦਿਆਰਥੀਆਂ ਨੂੰ ਵੱਧ ਰਕਮ ਤਾਰਨੀ ਪੈਂਦੀ ਹੈ। ਜੇ ਸਕੂਲ ਦੱਖਣੀ ਸੈਕਟਰਾਂ ਵਿਚ ਹਨ ਤਾਂ ਮੁਹਾਲੀ ਦੇ ਵਿਦਿਆਰਥੀਆਂ ਨੂੰ ਉਤਰੀ ਦੇ ਮੁਕਾਬਲੇ ਘੱਟ ਪੈਸੇ ਦੇਣੇ ਪੈ ਰਹੇ ਹਨ। ਚੰਡੀਗੜ੍ਹ ਸਕੂਲ ਬੱਸ ਅਪਰੇਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਇਸ ਵਾਰ ਸਕੂਲ ਬੱਸ ਫ਼ੀਸਾਂ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.