
CM ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਜਾਂਦੇ ਬੇਰੁਜ਼ਗਾਰ ਰਾਹ ‘ਚ ਰੋਕੇ! ਭੜਕੇ ਬੇਰੁਜ਼ਗਾਰਾਂ ਨੇ ਕਿਹਾ, ਕਿਹੋ ਜਿਹਾ ਬਦਲਾਅ?
- by Aaksh News
- April 29, 2024

ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਦੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦਾ ਸੰਘਰਸ਼ ਆਰੰਭਿਆ ਹੋਇਆ ਹੈ। ਇਸੇ ਤਹਿਤ ਸਥਾਨਕ ਮੈਰੀ ਲੈਂਡ ਰਿਜ਼ੌਰਟ ਪਹੁੰਚ ਰਹੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਪਹੁੰਚੇ ਬੇਰੁਜ਼ਗਾਰਾਂ ਨੂੰ ਸਥਾਨਕ ਟੀ-ਪੁਆਇੰਟ ਨੇੜੇ ਓਵਰ ਬ੍ਰਿਜ ਕੋਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਡੱਕ ਲਿਆ ਗਿਆ। ਜਿੱਥੇ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਹੜੀ ਕਿ ਸ਼ਾਮ ਤੱਕ ਜਾਰੀ ਰਹੀ। ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ,ਆਰਟ ਐਂਡ ਕਰਾਫਟ, ਓਵਰਏਜ਼ ਬੀ ਐਡ ਯੂਨੀਅਨ, ਮੈਥ/ਸਾਇੰਸ ਅਤ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ) ਉੱਤੇ ਆਧਾਰਿਤ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਵਿੱਚੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਿਹਤ ਅਤੇ ਸਿੱਖਿਆ ਵਿੱਚ ਇੱਕ ਵੀ ਅਸਾਮੀ ਉੱਤੇ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ, ਪਿਛਲੀ ਸਰਕਾਰ ਵੇਲੇ ਦੀਆਂ ਜਾਰੀ ਅਸਾਮੀਆਂ ਨੂੰ ਅਜੇ ਤੀਕ ਮੁਕੰਮਲ ਨਹੀਂ ਕੀਤਾ ਸਗੋਂ ਭਰਤੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇਣ ਦਾ ਵਾਅਦਾ ਦੋ ਸਾਲ ਮਗਰੋ ਵੀ ਲਟਕ ਰਿਹਾ ਹੈ।ਉਹਨਾਂ ਦੱਸਿਆ ਕਿ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰੁਜ਼ਗਾਰ ਉਮੀਦਵਾਰ ਓਵਰਏਜ਼ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹ ਅੱਜ ਆਪਣੀਆਂ ਉਕਤ ਮੰਗਾਂ ਲਈ ਉਹ ਮੁੱਖ ਮੰਤਰੀ ਪੰਜਾਬ ਨੂੰ ਆਪਣੀ ਮੰਗ ਦੱਸਣ ਜਾ ਰਹੇ ਸਨ। ਪ੍ਰੰਤੂ ਸੂਬਾ ਸਰਕਾਰ ਪੂਰੀ ਤਰਾਂ ਬੁਖਲਾ ਚੁੱਕੀ ਹੈ। ਜਿਸ ਕਰਕੇ ਬੇਰੁਜ਼ਗਾਰਾਂ ਦੀ ਜੁਬਾਨ ਬੰਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਉਂਦੇ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਵਿਚ ਸਵਾਲ ਕੀਤੇ ਜਾਣਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਕੇ ਲੰਘੇ ਦੋ ਸਾਲ ਦਾ ਲੇਖਾ ਜੋਖਾ ਪੁੱਛਿਆ ਜਾਵੇਗਾ।