ਮਾਮੂਲੀ ਤਕਰਾਰ ਨੂੰ ਲੈ ਕੇ ਪੰਚ ਜਗਤਾਰ ਸਿੰਘ ਦਾ ਕਤਲ ਕਰਨ ਵਾਲੇ ਤਿੰਨ ਵਿਚੋਂ ਦੋ ਜਣੇ ਗ੍ਰਿਫਤਾਰ
- by Jasbeer Singh
- October 29, 2024
ਮਾਮੂਲੀ ਤਕਰਾਰ ਨੂੰ ਲੈ ਕੇ ਪੰਚ ਜਗਤਾਰ ਸਿੰਘ ਦਾ ਕਤਲ ਕਰਨ ਵਾਲੇ ਤਿੰਨ ਵਿਚੋਂ ਦੋ ਜਣੇ ਗ੍ਰਿਫਤਾਰ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੇ ਪਿੰਡ ਬੁਰਜ ਸੇਮਾ `ਚ ਮਾਮੂਲੀ ਤਕਰਾਰ ਨੂੰ ਲੈ ਕੇ ਪੰਚ ਜਗਤਾਰ ਸਿੰਘ ਦਾ ਤਿੰਨ ਵਿਅਕਤੀਆਂ ਨੇ ਕਤਲ ਕਰ ਦਿੱਤਾ । ਮੌਕੇ `ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਦਕਿ ਇੱਕ ਫ਼ਰਾਰ ਹੈ।ਜਾਣਕਾਰੀ ਅਨੁਸਾਰ ਜਗਤਾਰ ਸਿੰਘ ਹਾਲ ਹੀ `ਚ ਹੋਈਆਂ ਪੰਚਾਇਤ ਚੋਣਾਂ 2024 `ਚ ਸਰਬ ਸੰਮਤੀ ਨਾਲ ਪਿੰਡ ਦਾ ਪੰਚਾਇਤ ਮੈਂਬਰ ਚੁਣਿਆ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਪਿੰਡ ਦੇ ਹੀ ਕੁੱਝ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ, ਜੋ ਕਿ ਉਦੋਂ ਖੂਨੀ ਰੂਪ ਧਾਰਨ ਕਰ ਗਿਆ, ਜਦੋਂ ਮੁਲਜ਼ਮਾਂ ਨੇ ਮ੍ਰਿਤਕ ਜਗਤਾਰ ਸਿੰਘ ਦੇ ਸਿਰ ਵਿੱਚ ਮੋਟਰਸਾਈਕਲ ਦੀ ਚੈਨ ਵਾਲੀ ਗਰਾਰੀ ਵਾਲਾ ਤੇਜ਼ ਹਥਿਆਰ ਸਿਰ ਵਿੱਚ ਮਾਰ ਦਿੱਤਾ। ਨਤੀਜੇ ਵੱਜੋਂ ਗੰਭੀਰ ਜ਼ਖ਼ਮੀ ਹੋਏ ਜਗਤਾਰ ਸਿੰਘ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰੰਤੂ ਉਥੇ ਉਸ ਦੀ ਮੌਤ ਹੋ ਗਈ । ਘਟਨਾ ਦਾ ਪਤਾ ਲੱਗਣ `ਤੇ ਪੁਲਿਸ ਵੀ ਮੌਕੇ `ਤੇ ਪਹੁੰਚ ਗਈ ਅਤੇ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ ਤੀਜਾ ਮੁਲਜ਼ਮ ਫ਼ਰਾਰ ਹੋ ਗਿਆ । ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਾਉਣ ਤੋਂ ਬਾਅਦ ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਦੇ ਬਿਆਨ `ਤੇ ਪਿੰਡ ਦੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋ ਕਥਿਤ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

