
ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਲਈ ਦੋ ਰਿਫਰੈਸ਼ਰ ਕੋਰਸ ਸ਼ੁਰੂ
- by Jasbeer Singh
- December 10, 2024

ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਲਈ ਦੋ ਰਿਫਰੈਸ਼ਰ ਕੋਰਸ ਸ਼ੁਰੂ ਪਟਿਆਲਾ, 10 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਅਧਿਆਪਕਾਂ ਦੀ ਸਮਰਥਾ ਦੇ ਨਿਰਮਾਣ ਸੰਬੰਧੀ ਮਕਸਦ ਨਾਲ਼ ਦੋ ਰਿਫ਼ਰੈਸ਼ਰ ਕੋਰਸ ਅੱਜ ਸ਼ੁਰੁ ਕੀਤੇ ਗਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਪਹਿਲਾ ਕੋਰਸ ਲਾਇਫ਼ ਸਾਇੰਸਜ਼ ਨਾਲ਼ ਸੰਬੰਧਤ ਹੈ ਜਦੋਂ ਕਿ ਦੂਜਾ ਆਨਲਾਈਨ ਮੂਕਸ ਕੋਰਸਾਂ ਨਾਲ਼ ਸੰਬੰਧਤ ਹੈ । ਉਨ੍ਹਾਂ ਦੱਸਿਆ ਕਿ ਦੋਹੇਂ ਕੋਰਸ ਆਫਲਾਈਨ ਵਿਧੀ ਰਾਹੀਂ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਦੋਹਾਂ ਕੋਰਸਾਂ ਦੀ ਸ਼ੁਰੂਆਤ ਸਮੇਂ ਰੱਖੇ ਗਏ ਉਦਘਾਟਨੀ ਸੈਸ਼ਨ ਮੌਕੇ ਲਾਈਫ਼ ਸਾਇੰਸ ਫ਼ੈਕਲਟੀ ਦੇ ਡੀਨ ਪ੍ਰੋ. ਮਿੰਨੀ ਸਿੰਘ ਅਤੇ ਭਾਈ ਘਨੱਈਆ ਸਿਹਤ ਕੇਂਦਰ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ । ਪ੍ਰੋ. ਮਿੰਨੀ ਸਿੰਘ ਨੇ ਇਸ ਮੌਕੇ ਬੋਲਦਿਆਂ ਲਾਈਫ਼ ਸਾਇੰਸਜ਼ ਦੇ ਵਿਿਸ਼ਆਂ ਦੀ ਸਾਰਥਿਕਤਾ ਬਾਰੇ ਗੱਲ ਕੀਤੀ ਅਤੇ ਇਸ ਲਿਹਾਜ਼ ਨਾਲ਼ ਰਿਫ਼ਰੈਸ਼ਰ ਕੋਰਸ ਦੀ ਮਹੱਤਤਾ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ ਕਿ ਇਹ ਕੋਰਸ ਸਿਰਫ਼ ਗਿਆਨ ਵਿੱਚ ਵਾਧਾ ਹੀ ਨਹੀਂ ਕਰਦੇ ਬਲਕਿ ਇੱਥੇ ਵੱਖ-ਵੱਖ ਫ਼ੈਕਲਟੀ ਮੈਂਬਰਾਂ ਦਾ ਆਪਸ ਵਿਚਲਾ ਆਦਾਨ-ਪ੍ਰਦਾਨ ਬਹੁਤ ਸਾਰੀਆਂ ਅਕਾਦਮਿਕ ਸਾਂਝੇਦਾਰੀਆਂ ਲਈ ਵੀ ਰਾਹ ਖੋਲ੍ਹਦਾ ਹੈ । ਡਾ. ਰੇਗੀਨਾ ਮੈਣੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ, ਇਨ੍ਹਾਂ ਕੋਰਸਾਂ ਜ਼ਰੀਏ ਭਾਰਤ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰ ਇਕੱਠੇ ਇੱਕ ਮੰਚ ਉੱਤੇ ਆਉਂਦੇ ਹਨ ਅਤੇ ਇੱਕ ਦੂਜੇ ਤੋਂ ਸਿੱਖਣ ਦਾ ਸ਼ਾਨਦਾਰ ਮੌਕਾ ਮਿਲਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਿੱਖਣ ਬਾਰੇ ਆਪਣੇ ਨਜ਼ਰੀਏ ਨੂੰ ਵੱਡਾ ਕਰਨ ਦੀ ਜ਼ਰੂਰਤ ਹੈ । ਅਜਿਹਾ ਕਰਨ ਨਾਲ਼ ਅਸੀਂ ਹੋਰ ਬਹੁਤ ਕੁੱਝ ਸਿੱਖ ਸਕਦੇ ਹਾਂ । ਲਾਈਫ਼ ਸਾਇੰਸ ਨਾਲ਼ ਸੰਬੰਧਤ ਕੋਰਸ ਦੇ ਕੋਆਰਡੀਨੇਟਰ ਪ੍ਰੋ. ਹਿਮੇਂਦਰ ਭਾਰਤੀ ਅਤੇ ਮੂਕਸ ਆਨਲਾਈਨ ਕੋਰਸਾਂ ਨਾਲ਼ ਸੰਬੰਧਤ ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਦਲਜੀਤ ਅਮੀ ਵੱਲੋਂ ਇਸ ਮੌਕੇ ਆਪੋ ਆਪਣੇ ਕੋਰਸਾਂ ਦੀ ਰੂਪ-ਰੇਖਾ ਅਤੇ ਮਕਸਦ ਬਾਰੇ ਗੱਲ ਕੀਤੀ ਗਈ ।