ਭਵਾਨੀਗੜ੍ਹ ਦੇ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ `ਚ ਮੌਤ ਸੰਗਰੂਰ, 9 ਅਗਸਤ 2025 : ਮਾਂ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦੋਵੇਂ ਨੌਜਵਾਨ ਜਿ਼ਲਾ ਸੰਗਰੂਰ ਅਧੀਨ ਆਉਂਦੇ ਸ਼ਹਿਰ ਭਵਾਨੀਗੜ੍ਹ ਵਿਖੇ ਬਣੀ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਕਾਲੋਨੀਆਂ ਦੇ ਵਸਨੀਕ ਹਨ ਅਤੇ ਦੋਵੇਂ ਮ੍ਰਿਤਕ ਗੁਰਜੀਤ ਸ਼ਰਮਾ ਤੇ ਮੋਹਿਤ ਸ਼ਰਮਾ ਹਨ। ਕਿਸ ਨਾਲ ਹੋਈ ਨੌਜਵਾਨਾਂ ਦੀ ਟੱਕਰ ਪ੍ਰਾਪਤ ਜਾਣਕਾਰੀ ਮੁਤਾਬਕ ਭਵਾਨੀਗੜ੍ਹ ਵਿਖੇ ਬਣੀਆਂ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਕਲੋਨੀਆਂ ’ਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ ਦੇ ਕੁਝ ਲੜਕੇ ਆਪਣੇ ਮੋਟਰਸਾਈਕਲਾਂ ਰਾਹੀ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਗਏ ਸਨ ਅਤੇ ਜਿਥੋਂ ਇਹ ਲੜਕੇ ਮਾਤਾ ਨੈਣਾਂ ਦੇਵੀ ਦੇ ਦਰਸ਼ਨ ਕਰ ਕੇ ਅੱਗੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕਰਨ ਲਈ ਚਲੇ ਗਏ ਅਤੇ ਜਦੋਂ ਇਹ ਉਥੋਂ ਵਾਪਸ ਆ ਰਹੇ ਸਨ ਤਾਂ ਸ਼ਹਿਰ ਨੇੜੇ ਇਨ੍ਹਾਂ ਦੇ ਮੋਟਰਸਾਈਕਲ ਜਿਸ ’ਤੇ ਦੋ ਨੌਜਵਾਨ ਸਵਾਰ ਸਨ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਕਿਸ ਨੇ ਕਦੋਂ ਤੋੜਿਆ ਦਮ ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਗੁਰਜੀਤ ਸ਼ਰਮਾ ਪੁੱਤਰ ਵਦੇਸ਼ੀ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਨੌਜਵਾਨ ਮੋਹਿਤ ਸ਼ਰਮਾ ਪੁੱਤਰ ਹਰਦੇਵ ਸ਼ਰਮਾ ਨੇ ਪੀ.ਜੀ.ਆਈ ਲਿਜਾਂਦੇ ਸਮੇਂ ਰਸਤੇ ’ਚ ਹੀ ਦਮ ਤੋੜ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ।

