 
                                             ਕੇਂਦਰੀ ਬਜਟ: ਨਵੀਂ ਟੈਕਸ ਪ੍ਰਣਾਲੀ ਅਪਨਾਉਣ ਵਾਲਿਆਂ ਦੀ 7.75 ਲੱਖ ਦੀ ਆਮਦਨ ’ਤੇ ਟੈਕਸ ਮੁਆਫ
- by Jasbeer Singh
- July 23, 2024
 
                              ਕੇਂਦਰੀ ਬਜਟ: ਨਵੀਂ ਟੈਕਸ ਪ੍ਰਣਾਲੀ ਅਪਨਾਉਣ ਵਾਲਿਆਂ ਦੀ 7.75 ਲੱਖ ਦੀ ਆਮਦਨ ’ਤੇ ਟੈਕਸ ਮੁਆਫ ਨਵੀਂ ਦਿੱਲੀ, 23 ਜੁਲਾਈ : ਨਵੀਂ ਸਰਕਾਰ ਬਣਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ ਵਿਚ ਮੁਲਾਜ਼ਮ ਵਰਗ ਨੂੰ ਰਾਹਤ ਮਿਲੀ ਹੈ। ਨਵੀਂ ਟੈਕਸ ਪ੍ਰਣਾਲੀ ਅਪਨਾਉਣ ਵਾਲਿਆਂ ਦੀ 7.75 ਲੱਖ ਤਕ ਦੀ ਆਮਦਨੀ ਟੈਕਸ ਫਰੀ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਸਾਢੇ ਸਤਾਰਾਂ ਹਜਾਰ ਰੁਪਏ ਦਾ ਫਾਇਦਾ ਮਿਲੇਗਾ। ਨਵੀਂ ਟੈਕਸ ਪ੍ਰਣਾਲੀ ਵਿਚ ਨਿੱਜੀ ਆਮਦਨ ਟੈਕਸ ਦਰਾਂ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਐਕਟ 1961 ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ, ਜਿਸ ਨਾਲ ਟੈਕਸ ਸਬੰਧੀ ਵਿਵਾਦ ਅਤੇ ਮੁਕੱਦਮੇਬਾਜ਼ੀ ਘੱਟ ਹੋਵੇਗੀ। ਇਸ ਨੂੰ 6 ਮਹੀਨਿਆਂ ਵਿਚ ਪੂਰਾ ਕਰਨ ਦੀ ਤਜਵੀਜ਼ ਹੈ। ਵਿੱਤ ਮੰਤਰੀ ਨੇ ਕਿਹਾ ਕਿ 0-3 ਲੱਖ ਆਮਦਨ ’ਤੇ ਕੋਈ ਟੈਕਸ ਨਹੀਂ, 3-7 ਲੱਖ ਆਮਦਨ ’ਤੇ 5 ਫ਼ੀਸਦੀ ਟੈਕਸ, 7-10 ਲੱਖ ਆਮਦਨ ’ਤੇ 10 ਫ਼ੀਸਦੀ ਟੈਕਸ, 10-12 ਲੱਖ ਆਮਦਨ ’ਤੇ 15 ਫ਼ੀਸਦੀ ਟੈਕਸ, 12-15 ਲੱਖ ਆਮਦਨ ’ਤੇ 20 ਫ਼ੀਸਦੀ ਟੈਕਸ ਲਗਾਇਆ ਜਾਵੇਗਾ।ਇਹ ਵਿੱਤ ਮੰਤਰੀ ਦਾ ਲਗਾਤਾਰ ਸੱਤਵਾਂ ਬਜਟ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ’ਤੇ ਰਹੇਗਾ ਤੇ ਸਰਕਾਰ ਨੌਕਰੀਆਂ ਦੇ ਮੌਕੇ ਵਧਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲੀ ਨੌਕਰੀ ਮਿਲਣ ’ਤੇ 15 ਹਜ਼ਾਰ ਰੁਪਏ ਸਿੱਧੇ ਈਪੀਐਫਓ ਖਾਤੇ ਵਿਚ ਮਿਲਣਗੇ। ਪਹਿਲੀ ਨੌਕਰੀ ਵਾਲੇ ਜਿਨ੍ਹਾਂ ਨੌਜਵਾਨਾਂ ਦੀ ਤਨਖਾਹ ਇਕ ਲੱਖ ਤੋਂ ਘੱਟ ਹੈ, ਉਨ੍ਹਾਂ ਨੂੰ ਈਪੀਐਫਓ ਵਿਚ ਪਹਿਲੀ ਵਾਰ ਰਜਿਸਟਰ ਕਰਨ ਲਈ 15 ਹਜ਼ਾਰ ਰੁਪਏ ਦੀ ਮਦਦ ਤਿੰਨ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਸਭ ਤੋਂ ਪਹਿਲਾਂ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਸੰਸਦ ਭਵਨ ਪੁੱਜੇ। ਸੰਸਦ ਭਵਨ ਵਿਚ ਕੈਬਨਿਟ ਨੇ ਬਜਟ ਨੂੰ ਮਨਜ਼ੂਰੀ ਦਿੱਤੀ। ਇਸ ਬਜਟ ਵਿਚ ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਹੈ। ਬਜਟ ਉੱਤੇ ਵਿਚਾਰ ਚਰਚਾ ਲਈ ਸੰਸਦ ਦੇ ਦੋਵਾਂ ਸਦਨਾਂ- ਲੋਕ ਸਭਾ ਤੇ ਰਾਜ ਸਭਾ ਲਈ 20-20 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਰੇਲ, ਸਿੱਖਿਆ, ਸਿਹਤ, ਐੱਮਐੱਸਐੱਮਈ ਅਤੇ ਫੂਡ ਪ੍ਰੋਸੈਸਿੰਗ ਮੰਤਰਾਲਿਆਂ ਤੋਂ ਇਲਾਵਾ ਹੋਰ ਮੰਤਰਾਲਿਆਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਬਜਟ ’ਤੇ ਬਹਿਸ ਲਈ ਕੁੱਲ 20-20 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     