

ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ ਦੀਆਂ ਸੰਸਦੀ ਸੀਟਾਂ ਦੀ ਗਿਣਤੀ 23 ਤੋਂ ਘੱਟ ਕੇ 9 ’ਤੇ ਪਹੁੰਚਣ ਮਗਰੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੰਮਾਂ ’ਤੇ ਪੂਰੀ ਤਰ੍ਹਾਂ ਧਿਆਨ ਦੇ ਸਕਣ। ਫੜਨਵੀਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਮਹਾਰਾਸ਼ਟਰ ਵਿੱਚ ਨਤੀਜਿਆਂ ਲਈ ਮੈਂ ਜ਼ਿੰਮੇਵਾਰੀ ਲੈਂਦੇ ਹਾਂ। ਮੈਂ ਪਾਰਟੀ ਦੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਸਰਕਾਰ ਵਿਚਲੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੂਰਾ ਸਮਾਂ ਮੈਂ ਪਾਰਟੀ ਲਈ ਕੰਮ ਕਰ ਸਕਾਂ।’’ ਜ਼ਿਕਰਯੋਗ ਹੈ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਛੇ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਉੱਧਰ, ਇਸ ਬਾਰੇ ਗੱਲ ਕਰਨ ’ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ, ‘‘ਹਾਰ ਦੀ ਜ਼ਿੰਮੇਵਾਰੀ ਤਿੰਨੋਂ ਪਾਰਟੀਆਂ ਦੀ ਹੈ, ਕਿਉਂਕਿ ਅਸੀਂ ਮਿਲ ਕੇ ਕੰਮ ਕੀਤਾ ਸੀ।’’