ਇੱਥੋਂ ਦੀ ਪੀਰ ਕਲੋਨੀ ਵਿੱਚ ਪਿਛਲੇ 15 ਦਿਨਾਂ ਤੋਂ ਠੱਪ ਹੋਈ ਪਾਣੀ ਦੀ ਸਪਲਾਈ ਬਹਾਲ ਨਾ ਹੋਣ ’ਤੇ ਅੱਕੇ ਕਲੋਨੀ ਵਾਸੀਆਂ ਨੇ ਪ੍ਰਸ਼ਾਸਨ ਨੂੰ ਜਗਾਉਣ ਲਈ ਟਾਹਲੀ ਵਾਲਾ ਚੌਕ ਰਾਜਪੁਰਾ ਵਿੱਚ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਮ ਲੱਗਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਤਿੱਖੜ ਧੁੱਪ ਵਿਚ ਫਸੇ ਵਾਹਨ ਚਾਲਕ ਜਾਮ ਲਗਾਉਣ ਵਾਲ਼ਿਆਂ ਨਾਲ ਝਗੜਦੇ ਵੀ ਦੇਖੇ ਗਏ ਜਦੋਂ ਕਿ ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾਉਣ ਨੂੰ ਮਜਬੂਰੀ ਦੱਸਿਆ ਅਤੇ ਮਾਫ਼ੀ ਮੰਗਦਿਆਂ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਪੁਲੀਸ ਦੇ ਕੁਝ ਮੁਲਾਜ਼ਮਾਂ ਨੇ ਧਰਨਾਕਾਰੀਆਂ ਨੂੰ ਜਾਮ ਹਟਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਪਰ ਪ੍ਰਦਰਸ਼ਨਕਾਰੀ ਧਰਨੇ ਵਾਲ਼ੀ ਥਾਂ ‘ਤੇ ਕਿਸੇ ਅਧਿਕਾਰੀ ਨੂੰ ਬੁਲਾਉਣ ’ਤੇ ਅੜੇ ਰਹੇ। ਸਤਨਾਮ ਨਗਰ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸੀ,ਭਗਵਾਨ ਦਾਸ ਮਨਚੰਦਾ, ਲਾਭ ਸਿੰਘ ਫ਼ੌਜੀ, ਹਰਭਜਨ ਸਿੰਘ ਫ਼ੌਜੀ, ਗੁਰਦਿਆਲ ਚੰਦ, ਰਵੀ ਧੀਮਾਨ, ਕਿਰਨ ਹੰਸ, ਸੀਮਾ ਸੁਮਨ, ਹਿਨਾ ਤੇ ਅਲਕਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ। ਨਗਰ ਕੌਂਸਲ ਆਰਜ਼ੀ ਤੌਰ ’ਤੇ ਪਾਣੀ ਦੀ ਕਿੱਲਤ ਦਾ ਹੱਲ ਕਰ ਰਿਹਾ ਹੈ ਜਦੋਂ ਕਿ ਉਨ੍ਹਾਂ ਨੂੰ ਪੱਕਾ ਹੱਲ ਚਾਹੀਦਾ ਹੈ। ਉਨ੍ਹਾਂ ਨੇ ਕਈ ਵਾਰ ਨਗਰ ਕੌਂਸਲ ਅਤੇ ਵਾਟਰ ਸਪਲਾਈ ਵਿਭਾਗ ਨੂੰ ਪਾਣੀ ਦੀ ਸੁਚਾਰੂ ਸਪਲਾਈ ਬਾਰੇ ਕਿਹਾ ਹੈ ਪਰ ਉਨ੍ਹਾਂ ਦੇ ਸਿਰ ਉਪਰ ਜੂੰ ਤੱਕ ਨਾ ਸਰਕੀ। ਉਨ੍ਹਾਂ ਕਿਹਾ ਕਿ ਤਿੱਖੜ ਧੁੱਪ ਵਿਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਪਾਣੀ ਖੁਣੋਂ ਹਾਲ ਬੇਹਾਲ ਹੋਇਆ ਪਿਆ ਹੈ ਪਰ ਕੋਈ ਵੀ ਸੁਣਨ ਵਾਲ਼ਾ ਨਹੀਂ ਹੈ। ਅੱਕੇ ਮੁਹੱਲਾ ਵਾਸੀਆਂ ਨੇ ਜਾਮ ਲਗਾਉਣ ਦਾ ਫ਼ੈਸਲਾ ਲਿਆ ਹੈ। ਧਰਨੇ ਤੋਂ ਸਾਢੇ ਤਿੰਨ ਘੰਟੇ ਬਾਅਦ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਅਤੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਐੱਸਡੀਓ ਕਰਨਦੀਪ ਸਿੰਘ ਨੇ ਧਰਨੇ ਵਾਲੇ ਸਥਾਨ ’ਤੇ ਪਹੁੰਚ ਕੇ ਲੋਕਾਂ ਦੀ ਗੱਲ ਸੁਣੀ ਅਤੇ ਦੋ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.