
ਇੱਕ ਪਰਿਵਾਰ,ਇੱਕ ਅਹੁਦਾ, ਇੱਕ ਟਿਕਟ ਜਿਹੀਆਂ ਪਾਰਟੀ ਸੰਵਿਧਾਨ ਵਿੱਚ ਵੱਡੀਆਂ ਸੋਧਾਂ ਕਰਾਂਗੇ - ਪੰਜ ਮੈਂਬਰੀ ਭਰਤੀ ਕਮੇਟੀ
- by Jasbeer Singh
- April 9, 2025

ਇੱਕ ਪਰਿਵਾਰ,ਇੱਕ ਅਹੁਦਾ, ਇੱਕ ਟਿਕਟ ਜਿਹੀਆਂ ਪਾਰਟੀ ਸੰਵਿਧਾਨ ਵਿੱਚ ਵੱਡੀਆਂ ਸੋਧਾਂ ਕਰਾਂਗੇ - ਪੰਜ ਮੈਂਬਰੀ ਭਰਤੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਧੜਾ ਆਪਣਾ ਭਗੌੜਾ ਪ੍ਰਧਾਨ ਚੁਣੇਗਾ, ਫ਼ਸੀਲ ਤੋਂ ਬਣੀ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਅਧਿਕਾਰਿਕ ਪ੍ਰਧਾਨ ਦੇਵੇਗੀ ਬਾਦਲਾਂ ਦੇ ਗੜ ਵਿੱਚ ਵੱਡੇ ਇਕੱਠ ਨੇ ਭਰਤੀ ਲਹਿਰ ਨੂੰ ਪ੍ਰਚੰਡ ਕੀਤਾ ਮਾਨਸਾ, 9 ਅਪ੍ਰੈਲ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਲਈ ਬਣੀ ਭਰਤੀ ਕਮੇਟੀ ਦੀ ਬਾਦਲ ਪਰਿਵਾਰ ਦੇ ਗੜ ਮਾਨਸਾ ਵਿੱਚ ਇਤਿਹਾਸ ਸਿਰਜਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਭਰਤੀ ਕਮੇਟੀ ਦੇ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਖਾਸ ਤੌਰ ਤੇ ਹਾਜ਼ਰ ਰਹੇ । ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਲੀਡਰਸ਼ਿਪ ਦੇ ਫੈਸਲੇ ਛੁਪਾਇਆ ਲੁਕਾਇਆ ਨਹੀਂ ਜਾ ਸਕਦਾ। ਲੀਡਰਸ਼ਿਪ ਨੂੰ ਵਰਕਰਾਂ ਅਤੇ ਵੋਟਰਾਂ ਦੀਆਂ ਭਾਵਨਾਵਾਂ ਤਹਿਤ ਕੰਮ ਕਰਨਾ ਪਵੇਗਾ । ਸਰਦਾਰ ਇਯਾਲੀ ਨੇ ਕਿਹਾ ਕਿ ਜੇਕਰ ਭਾਵਨਾਵਾਂ ਦੇ ਉਲਟ ਫੈਸਲੇ ਲਏ ਜਾਣਗੇ ਤਾਂ ਇਸ ਦੇ ਨਤੀਜੇ ਭੁਗਤਣੇ ਵੀ ਪਏ ਅਤੇ ਭੁਗਤਣੇ ਵੀ ਪੈਣਗੇ। ਸਰਦਾਰ ਇਯਾਲੀ ਨੇ ਕਿਹਾ ਕਿ ਜਿਨ੍ਹਾਂ ਗਲਤੀਆਂ ਗੁਨਾਹਾਂ, ਹੁਕਮਨਾਮਿਆਂ ਦੀ ਉਲੰਘਣਾ ਕਰਕੇ ਅੱਜ ਦੇ ਹਾਲਾਤ ਬਣੇ, ਉਸ ਤੋ ਸਿੱਖਣ ਦੀ ਬਜਾਏ, ਉਸ ਤੋ ਵੱਡੀਆਂ ਗਲਤੀਆਂ, ਗੁਨਾਹ ਕੀਤੇ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋਇਆ ਧੜਾ, ਜਿਸ ਨੇ ਹਮੇਸ਼ਾ ਬੀਜੇਪੀ ਦਾ ਪੱਖ ਪੂਰਿਆ, ਚਾਹੇ ਕਿਸਾਨੀ ਅੰਦੋਲਨ ਵੇਲੇ ਦੀ ਗੱਲ ਹੋਵੇ ਜਾਂ ਇਸ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵੇਲੇ ਬੀਜੇਪੀ ਉਮੀਦਵਾਰ ਨੂੰ ਵੋਟ ਪਾਉਣ ਦੀ ਗੱਲ ਹੋਵੇ। ਸਰਦਾਰ ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਵੱਡੇ ਪਹਿਲੂ ਸਨ, ਕਿਸਾਨੀ ਅਤੇ ਪੰਥ। ਸਾਡੀ ਲੀਡਰਸ਼ਿਪ ਨਾ ਪੰਥ ਨਾਲ ਖੜੀ ਅਤੇ ਨਾ ਹੀ ਕਿਸਾਨੀ ਨਾਲ ਖੜੀ ਜਿਸ ਕਰਕੇ ਪਾਰਟੀ ਦੇ ਦੋਹੇਂ ਮੁੱਖ ਧੁਰੇ ਪਾਰਟੀ ਤੋਂ ਦੂਰ ਚਲੇ ਗਏ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਤੋਂ ਉਮੀਦ ਲਗਾਈ ਬੈਠਾ ਹੈ, ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਅਜ਼ਾਦੀ ਤੋਂ ਬਾਅਦ ਹੁਣ ਤੱਕ ਸਾਡੇ ਮਸਲੇ ਹੱਲ ਨਹੀਂ ਹੋ ਸਕੇ। ਸਰਦਾਰ ਇਯਾਲੀ ਨੇ ਪਾਰਟੀ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਕਰਕੇ ਪਾਰਟੀ ਤੋਂ ਦੂਰ ਗਏ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਕਿ ਓਹ ਆਪਣੀ ਮਾਂ ਪਾਰਟੀ ਵਿੱਚ ਸਨਮਾਨ ਨਾਲ ਘਰ ਵਾਪਸੀ ਕਰਨ। ਓਹਨਾ ਨੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਸਨਮਾਨ ਨੂੰ ਕਦੇ ਠੇਸ ਨਹੀਂ ਲੱਗਣ ਦੇਵਾਂਗੇ, ਅੱਜ ਪੰਜਾਬ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਨੂੰ ਤੁਹਾਡੀ ਵਾਪਸੀ ਦੀ ਬੇਹੱਦ ਵੱਡੀ ਲੋੜ ਹੈ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਦੇ ਨਿਘਾਰ ਵੱਲ ਜਾਣ ਦਾ ਸਭ ਤੋਂ ਵੱਡਾ ਕਾਰਨ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਲਈ ਪੰਥਕ ਸਰਕਾਰ ਤੋਂ ਸਿੱਖ ਕੌਮ ਨੂੰ ਇਨਸਾਫ ਨਾ ਦੇ ਪਾਉਣ ਨੂੰ ਕਰਾਰ ਦਿੱਤਾ। ਜੱਥੇਦਾਰ ਵਡਾਲਾ ਨੇ ਕਿਹਾ ਕਿ ਸਾਡਾ ਮਰਨਾ ਜਿਉਣਾ ਪੰਥ ਨਾਲ ਹੈ। ਅਕਾਲੀ ਸੋਚ ਨੂੰ ਸਮਰਪਿਤ ਲੀਡਰਸ਼ਿਪ ਨੂੰ ਸ਼ੋਭਦਾ ਨਹੀਂ ਕਿ ਅਕਾਲ ਤਖ਼ਤ ਤੇ ਕਬੂਲ ਕੀਤੇ ਗੁਨਾਹਾਂ ਤੋਂ ਮੁੱਕਰ ਜਾਣਾ। ਜੱਥੇਦਾਰ ਵਡਾਲਾ ਨੇ ਕਿਹਾ ਕਿ ਫ਼ਸੀਲ ਦੇ ਸਾਹਮਣੇ ਖੜ੍ਹ ਨੇ ਝੂਠ ਬੋਲਿਆ ਗਿਆ। ਡੇਰੇ ਸਿਰਸੇ ਤੋ ਹਿੰਦੀ ਵਿੱਚ ਆਈ ਚਿੱਠੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੇ ਲੀਡਰ ਝੂਠ ਬੋਲਦੇ ਰਹੇ। ਜੱਥੇਦਾਰ ਵਡਾਲਾ ਨੇ ਕਿਹਾ ਕਿ ਜਾਰੀ ਹੁਕਮਨਾਮਾ ਸਾਹਿਬ ਵਿੱਚ ਹੁਕਮ ਹੋਏ ਸਨ ਅਸਤੀਫ਼ਾ ਦੇ ਚੁੱਕੇ ਆਗੂਆਂ ਦੇ ਅਸਤੀਫ਼ੇ ਸਵੀਕਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਜਾਣਕਾਰੀ ਦਿੱਤੀ ਜਾਵੇ ਪਰ ਅੱਜ ਓਹ ਲੋਕ ਹੀ ਹੁਕਮਨਾਮਿਆਂ ਨੂੰ ਚੁਣੋਤੀ ਦੇ ਰਹੇ ਹਨ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਮਾਨਸਾ ਦੇ ਪੰਥ ਹਿਤੈਸ਼ੀ ਲੋਕਾਂ ਨੇ ਮੋਹਰ ਲਗਾ ਦਿੱਤੀ ਹੈ ਕਿ ਪੂਰਨ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਕੋਸ਼ਿਸ਼ ਰਹੇਗੀ ਕਿ ਪੰਥ ਪ੍ਰਵਾਣਿਤ ਏਜੰਡਿਆਂ ਤੇ ਪਹਿਰਾ ਦਿੱਤਾ ਜਾਵੇ। ਓਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੇਵਾ, ਤਿਆਗ ਅਤੇ ਕੁਰਬਾਨੀ ਵਾਲੀ ਜਮਾਤ ਹੈ ਪਰ ਕੁਝ ਲੋਕਾਂ ਨੇ ਇਸ ਨੂੰ ਇੱਕ ਪਰਿਵਾਰ ਦੀ ਜਗੀਰ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜੀ ਜਾਰੀ ਵੀ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਅੱਜ ਪਰਿਵਾਰਵਾਦ ਦੇ ਦਖਲ ਤੋ ਹਰ ਵਰਕਰ ਅਤੇ ਆਗੂ ਦੁਖੀ ਹੈ। ਜੱਥੇਦਾਰ ਝੂੰਦਾਂ ਨੇ ਮੁੜ ਦੁਹਰਾਉਂਦੇ ਕਿਹਾ ਕਿ ਵਰਕਰਾਂ ਦੀ ਮੰਗ ਹੈ ਕਿ ਪਾਰਟੀ ਵਿੱਚ ਵੱਡੇ ਸੁਧਾਰ ਕੀਤੇ ਜਾਣ, ਇਸ ਕਰਕੇ ਝੂੰਦਾਂ ਕਮੇਟੀ ਦੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਨੂੰ ਜਲਦ ਜਨਤਕ ਕੀਤਾ ਜਾਵੇਗਾ। ਜੱਥੇਦਾਰ ਝੂੰਦਾਂ ਨੇ ਮੁੜ ਦੁਹਰਾਇਆ ਕਿ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪਾਰਟੀ ਸੰਵਿਧਾਨ ਵਿੱਚ ਜਰੂਰੀ ਸੋਧ ਕਰਕੇ ਇੱਕ ਪਰਿਵਾਰ, ਇੱਕ ਅਹੁਦਾ,ਇੱਕ ਟਿਕਟ ਨੂੰ ਲਾਜ਼ਮੀ ਕੀਤਾ ਜਾਵੇਗਾ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਪੰਥਕ ਭਾਵਨਾਵਾਂ ਵਾਲੀ ਲੀਡਰਸ਼ਿਪ ਨੂੰ ਪਿੱਛੇ ਕਰਕੇ ਅੱਜ ਪਾਰਟੀ ਦੇ ਢਾਂਚੇ ਤੇ ਰੇਤ, ਬੱਜਰੀ ਦੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਕਾਬਜ ਹੋ ਚੁੱਕੇ ਹਨ। ਜੱਥੇਦਾਰ ਉਮੈਦਪੁਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ,ਅੱਜ ਪੰਥ ਦੀ ਨੁਮਾਇਦਾ ਜਮਾਤ ਨੂੰ ਹਰ ਪਾਸੇ ਤੋਂ ਕਮਜੋਰ ਕੀਤਾ ਜਾ ਰਿਹਾ ਹੈ। ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਨੇ ਪਾਰਟੀ ਨੂੰ ਆਪਣੇ ਮੁਫਾਦਾਂ ਲਈ ਵਰਤਿਆ। ਪਾਰਟੀ ਤੇ ਕਾਬਜ ਪਰਿਵਾਰ ਨੇ ਪਾਰਟੀ ਅਤੇ ਐਸਜੀਪੀਸੀ ਨੂੰ ਆਪਣੀਆਂ ਜਾਤੀ ਜਗੀਰਾਂ ਬਣਾ ਲਈਆਂ। ਪਾਰਟੀ ਤੇ ਕਾਬਜ ਪਰਿਵਾਰ ਨੇ ਪੰਥਕ ਸੰਸਥਾਵਾਂ ਵਿੱਚ ਸਿੱਧਾ ਦਖਲ ਦੇਕੇ ਸੰਸਥਾਵਾਂ ਦੀ ਸਰਵਉਚਤਾ ਨੂੰ ਢਾਅ ਲਗਾਈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਪਹਿਲਾਂ ਇੱਕ ਪਰਿਵਾਰ ਨੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਾਰਟੀ ਬਣਾਇਆ ਤੇ ਹੁਣ ਪਾਰਟੀ ਨੂੰ ਭਗੌੜਾ ਦਲ ਤੱਕ ਬਣਾ ਦਿੱਤਾ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਬੀਤੇ ਦਿਨ ਵੀ ਪਾਰਟੀ ਦੇ ਦਫਤਰ ਤੋਂ ਇੱਕ ਲੀਡਰ ਵਲੋ ਪੂਰੀ ਤਰਾਂ ਝੂਠ ਬੋਲਿਆ ਗਿਆ। ਭਗੌੜਾ ਦਲ ਆਪਣੀ ਕਾਗਜੀ ਭਰਤੀ ਨਾਲ ਪਾਰਟੀ ਨੂੰ ਕਾਗਜੀ ਪ੍ਰਧਾਨ ਦੇਣ ਲਈ ਕਾਹਲਾ ਹੈ, ਜਿਸ ਨੂੰ ਕੌਮ ਅਤੇ ਪੰਥ ਪ੍ਰਵਾਣਿਤ ਨਹੀਂ ਕਰੇਗਾ। ਅੱਜ ਦੀ ਮੀਟਿੰਗ ਨੂੰ ਬੇਹੱਦ ਕਾਮਯਾਬ ਬਣਾਉਣ ਲਈ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਿੱਠੂ ਸਿੰਘ ਕਾਹਨੇਕੇ ਮੈਬਰ ਐਸਜੀਪੀਸੀ, ਮਨਜੀਤ ਸਿੰਘ ਬੱਪੀਆਣਾ ਮੈਬਰ ਧਰਮ ਪ੍ਰਚਾਰ ਕਮੇਟੀ ਦਾ ਵੱਡਾ ਯੋਗਦਾਨ ਰਿਹਾ।ਇਸ ਮੌਕੇ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਨੇ ਭਰਤੀ ਕਮੇਟੀ ਨੂੰ ਜੀ ਆਇਆਂ ਕਿਹਾ ਤਾਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਭਰਤੀ ਕਮੇਟੀ ਮੈਂਬਰਾਨ ਅਤੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਨੇ ਵੀ ਖਾਸ ਤੌਰ ਤੇ ਹਾਜ਼ਰੀ ਲਗਵਾਈ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਮਾਨਸਾ ਦੀਆਂ ਸੰਗਤਾਂ ਨੇ ਆਪ ਮੁਹਾਰੇ ਪਹੁੰਚ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਕਾਰਜ ਵਿੱਚ ਆਪਣੀ ਸ਼ਮੂਲੀਅਤ ਨੂੰ ਪੇਸ਼ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.