
ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਦੇ ਕਾਰਨਾਮੇ ਕਿਉਂ ਰਹਿ ਗਏ ਅਣਗੌਲ਼ੇ
- by Aaksh News
- May 14, 2024

6 ਮਈ ਨੂੰ ਜਦੋਂ ਬੰਗਲਾਦੇਸ਼ ਦੇ ਸਿਲਹਟ ’ਚ ਆਸ਼ਾ ਸ਼ੋਭਨਾ ਕੌਮਾਂਤਰੀ ਮਹਿਲਾ ਟੀ-20 ’ਚ ਭਾਰਤ ਦੇ ਵਿੱਚ ਸ਼ੁਰੂਆਤ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੀ ਕ੍ਰਿਕਟਰ ਬਣੇ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਨ੍ਹਾਂ ਨੇ 33 ਸਾਲ 51 ਦਿਨ ਦੀ ਉਮਰ ’ਚ ਇਹ ਉਪਲਬਧੀ ਹਾਸਲ ਕੀਤੀ ਹੈ। ਜਦੋਂ ਬੰਗਲਾਦੇਸ਼ ਨਾਲ ਸਮਾਪਤ ਹੋਈ ਲੜੀ ਦਾ ਪ੍ਰਸਾਰਣ ਕਰਨ ਵਾਲਾ ਚੈਨਲ ਸ਼ੋਭਨਾ ਦੀ ਇੰਟਰਵਿਊ ਲੈ ਰਿਹਾ ਸੀ ਤਾਂ ਨੇੜੇ ਖੜੀ ਉਨ੍ਹਾਂ ਦੀ ਟੀਮ ਉਹਨਾਂ ਦੀ ਗੱਲਾਂ ਸੁਣ ਕੇ ਖੁਸ਼ ਹੋ ਰਹੀ ਸੀ। ਪਰ ਜਦੋਂ ਆਸ਼ਾ ਸ਼ੋਭਨਾ ਮੀਡੀਆ ਨਾਲ ਗੱਲਬਾਤ ਕਰਨ ਲਈ ਪ੍ਰੈੱਸ ਕਾਨਫਰੰਸ ਰੂਮ ’ਚ ਪਹੁੰਚੇ ਤਾਂ ਉੱਥੇ ਸਿਰਫ਼ ਇੱਕ ਹੀ ਪੱਤਰਕਾਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਇਹ ਸਨ ਓਨੀਸ਼ਾ ਘੋਸ਼। ਓਨੀਸ਼ਾ ਘੋਸ਼ ਨੇ ਇਹ ਗੱਲ ਆਪਣੇ ਐਕਸ ਹੈਂਡਲ ’ਤੇ ਪੋਸਟ ਕੀਤੀ ਹੈ। ਭਾਰਤ ਨੇ ਇਸ ਟੀ-20 ਸੀਰੀਜ਼ ’ਚ ਬੰਗਲਾਦੇਸ਼ ਨੂੰ 5-0 ਨਾਲ ਮਾਤ ਦਿੱਤੀ ਹੈ। ਉਹ ਬੰਗਲਾਦੇਸ਼ੀ ਟੀਮ ਜਿਸ ਦੇ ਕੋਲ ਨੌਜਵਾਨ ਕਪਤਾਨ ਅਤੇ ਊਰਜਾ ਭਰਪੂਰ ਟੀਮ ਸੀ, ਉਸ ਨੂੰ ਹਾਰ ਦਾ ਸਵਾਦ ਚੱਖਣਾ ਪਿਆ। ਸੀਰੀਜ਼ ਦੇ ਆਖਰੀ ਮੈਚ ’ਚ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ 'ਪਲੇਅਰ ਆਫ਼ ਦਾ ਮੈਚ' ਚੁਣੇ ਗਏ। ਪੂਰੀ ਸੀਰੀਜ਼ ’ਚ 10 ਵਿਕਟਾਂ ਹਾਸਲ ਕਰਨ ਕਰਕੇ ਉਨ੍ਹਾਂ ਨੂੰ 'ਪਲੇਅਰ ਆਫ਼ ਦਾ ਸੀਰੀਜ਼' ਵੀ ਐਲਾਨਿਆ ਗਿਆ। ਜੇਕਰ ਫੈਨਕੋਡ ਸਟ੍ਰੀਮਿੰਗ ਸਰਵਿਸ ਨਾ ਹੁੰਦੀ ਤਾਂ ਅਜਿਹਾ ਲੱਗਦਾ ਕਿ ਸ਼ਾਇਦ ਇਹ ਸੀਰੀਜ਼ ਹੋਈ ਹੀ ਨਹੀਂ ਹੈ। ਕਿਉਂਕਿ ਇਹ ਸੀਰੀਜ਼ ਆਈਪੀਐਲ ਦੇ ਨਾਲ-ਨਾਲ ਹੋ ਰਹੀ ਹੈ, ਇਸ ਲਈ ਭਾਰਤੀ ਮੀਡੀਆ ਅਦਾਰਿਆਂ ਤੋਂ ਇਹ ਉਮੀਦ ਰੱਖਣਾ ਕਿ ਉਹ ਇਸ ਸੀਰੀਜ਼ ਨੂੰ ਕਵਰ ਕਰਨ ਲਈ ਆਪਣੇ ਪੱਤਰਕਾਰਾਂ ਨੂੰ ਭੇਜਦੇ, ਬੇਇਮਾਨੀ ਹੋਵੇਗੀ। ਪੂਰੇ ਮੀਡੀਆ ਜਗਤ ਦੇ ਸਪੋਰਟਸ ਡੈਸਕ ਇਸ ਸਮੇਂ ਬਹੁਤ ਹੀ ਘੱਟ ਲੋਕਾਂ ਨਾਲ ਚੱਲ ਰਹੇ ਹਨ। ਪਰ ਇਸ ਪੂਰੇ ਮਾਮਲੇ ’ਚ ਬੀਸੀਸੀਆਈ ਦਾ ਰੁਖ਼ ਬਹੁਤ ਹੀ ਹੈਰਾਨ ਕਰਦਾ ਹੈ। ਬੀਸੀਸੀਆਈ ਨੇ ਆਨਲਾਈਨ ਲਾਈਵ ਕੁਮੈਂਟਰੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਆਈਪੀਐੱਲ ਦੀ ਅਧਿਕਾਰਤ ਵੈੱਬਸਾਈਟ ’ਤੇ ਬਹੁਤ ਜ਼ਿਆਦਾ ਕੰਟੈਂਟ/ਸਮੱਗਰੀ ਹੋਣ ਤੋਂ ਇਲਾਵਾ ਰੋਜ਼ਾਨਾ ਮੀਡੀਆ ਨੂੰ ਆਈਪੀਐਲ ’ਤੇ ਬੀਸੀਸੀਆਈ ਵੱਲੋਂ ਭੇਜੇ ਜਾਣ ਵਾਲੇ ਕੰਟੈਂਟ ਦਾ ਜਿਵੇਂ ਹੜ੍ਹ ਹੀ ਆ ਜਾਂਦਾ ਹੈ। ਇਸ ’ਚ ਪ੍ਰੈਸ ਕਾਨਫਰੰਸ ਦੇ ਲਿੰਕ, ਰੈਫ਼ਰੀ ਦੇ ਫੈ਼ਸਲੇ ਅਤੇ ਸੋਸ਼ਲ ਮੀਡੀਆ ਦੀ ਹਲਚਲ ਆਦਿ ਸ਼ਾਮਲ ਹੁੰਦੀ ਹੈ। ਪਰ ਮਹਿਲਾ ਟੀ-20 ਸੀਰੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੁੱਪ ਸੀ। ਬੀਸੀਸੀਆਈ ਦੇ ਮੀਡੀਆ ਗਰੁੱਪ ਇੱਕ ਤਰ੍ਹਾਂ ਨਾਲ ਮਹਿਲਾ ਸੀਰੀਜ਼ ਦੀਆ ਖ਼ਬਰਾਂ ਤੋਂ ਬਿਲਕੁਲ ਹੀ ਵਾਂਝੇ ਸਨ। ਨਾ ਤਾਂ ਕੋਈ ਈਮੇਲ ਸੀ, ਨਾ ਆਨਲਾਈਨ ਪ੍ਰੈਸ ਕਾਨਫਰੰਸ ਦੇ ਲਿੰਕ , ਨਾ ਵੀਡੀਓ ਅਤੇ ਨਾ ਹੀ ਕੋਈ ਸੋਸ਼ਲ ਮੀਡੀਆ ਪੋਸਟ। ਅਤੇ ਇਹ ਸਭ ਉਸ ਸੀਰੀਜ਼ ਦੇ ਨਾਲ ਹੋਇਆ ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ ਉਪਲਬਧੀਆਂ ਨਾਲ ਭਰਪੂਰ ਰਹੀ। ਇਸ ਸੀਰੀਜ਼ ’ਚ ਆਸ਼ਾ ਸ਼ੋਭਨਾ ਦਾ ਇਤਿਹਾਸਿਕ ਡੈਬਿਊ ਹੋਇਆ, ਹਰਮਨਪ੍ਰੀਤ ਕੌਰ ਨੇ ਆਪਣਾ 300ਵਾਂ ਮੈਚ ਖੇਡਿਆ, ਸ਼ੇਫਾਲੀ ਵਰਮਾ ਨੇ ਆਪਣਾ 100ਵਾਂ ਮੈਚ ਖੇਡਿਆ। ਇਸ ਦੇ ਨਾਲ ਹੀ ਸ਼ੇਫਾਲੀ ਅਤੇ ਮੰਧਾਨਾ ਦੀ ਜੋੜੀ ਮਹਿਲਾ ਟੀ-20 ਇੰਟਰਨੈਸ਼ਨਲ ’ਚ ਭਾਰਤ ਦੇ ਲਈ 2000 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੀ ਪਹਿਲੀ ਜੋੜੀ ਬਣੀ।