
ਸੈਮ ਪਿਤਰੋਦਾ ਦੇ ਬਿਆਨ ਦਾ ਧਰਮਵੀਰ ਸਮਰਥਨ ਕਰਨਗੇ ਜਾਂ ਵਿਰੋਧ: ਸ਼ਰਮਾ
- by Aaksh News
- April 27, 2024

ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਦੇ ਬਿਆਨ ਨੂੰ ਲੈ ਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਉਨ੍ਹਾਂ ਦੇ ਬਿਆਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਇੱਥੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਸੈਮ ਪਿਤਰੋਦਾ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੀਆਂ ਨੀਤੀਆਂ ਪੰਜਾਬੀਆਂ, ਪੰਜਾਬ ਅਤੇ ਕਿਸਾਨ ਵਿਰੋਧੀ ਹਨ। ਇਸ ਲਈ ਧਰਮਵੀਰ ਗਾਂਧੀ ਦੱਸਣ ਕਿ ਕੀ ਉਹ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਿਆਸੀ ਗੁਰੂ ਨਾਲ ਹਨ ਜਾਂ ਵਿਰੋਧ ’ਚ ਖੜ੍ਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਸੈਮ ਪਿਤਰੋਦਾ ਨੇ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅਮਰੀਕਾ ਦਾ ਵਿਰਾਸਤੀ ਟੈਕਸ ਵਾਲਾ ਕਾਨੂੰਨ ਭਾਰਤ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਾਇਦਾਦ ਦਾ ਸਿਰਫ਼ 45 ਫ਼ੀਸਦੀ ਹਿੱਸਾ ਹੀ ਵਾਰਸਾਂ ਨੂੰ ਮਿਲਦਾ ਹੈ, ਬਾਕੀ 55 ਫ਼ੀਸਦੀ ਦੇਸ਼ ਦਾ ਹੋ ਜਾਂਦਾ ਹੈ।