post

Jasbeer Singh

(Chief Editor)

Patiala News

ਵਿਸ਼ਵ ਸਿਹਤ ਦਿਵਸ ਦਾ ਆਯੋਜਨ

post-img

ਵਿਸ਼ਵ ਸਿਹਤ ਦਿਵਸ ਦਾ ਆਯੋਜਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਰੈੱਡ ਰਿਬੱਨ ਕਲੱਬ ਵੱਲੋਂ ਕਾਲਜ ਕੈਂਪਸ ਵਿੱਚ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ ਮੌਕੇ "Heathy Beginnings, Hopeful Futures" ਵਿਸ਼ੇ ਤੇ ਅਤੇ ਭਾਰਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਪੋਸ਼ਣ ਮਾਹ ਦੇ ਸੰਦਰਭ ਵਿੱਚ ’ਪੋਸ਼ਣ ਦੀ ਮਹੱਤਤਾ‘ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ.ਨਿਧੀ (ਮੈਡੀਕਲ ਅਫ਼ਸਰ,ਪਟਿਆਲਾ) ਇਸ ਪ੍ਰੋਗਰਾਮ ਦੇ ਮੁੱਖ ਵਕਤਾ ਰਹੇ। ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ ਨੇ ਮੁੱਖ ਵਕਤਾ ਨੂੰ ਰਸਮੀ ਤੌਰ ਤੇ ’ਜੀ ਆਇਆਂ‘ ਕਹਿੰਦੇ ਹੋਏ ਕਿਹਾ ਕਿ ਚੰਗੀ ਸਿਹਤ ਸਾਡੀ ਚੰਗੀ ਜੀਵਨ ਸ਼ੈਲੀ ਦੀ ਦੇਣ ਹੈ। ਵਧੀਆ ਜੀਵਨ ਸ਼ੈਲੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਰੋਕਥਾਮ ਕਰਨ ਵਿੱਚ ਸਹਾਈ ਹੁੰਦੀ ਹੈ। ਆਪਣੇ ਆਪ ਬਾਰੇ ਚੰਗਾ ਸੋਚਣਾ ਹੀ ਚੰਗੀ ਦਿਖ ਅਤੇ ਸਿਹਤ ਲਈ ਬਹੁਤ ਮਹੱਤਵਪੂਰਣ ਹੈ । ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਹੀ ਜੀਵਨ ਸ਼ੈਲੀ ਅਪਣਾ ਕੇ ਅਰੋਗ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ । ਡਾ. ਨਿਧੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਲਾਈਫ ਸਟਾਈਲ ਕਰਕੇ ਅਸੀਂ ਪੋਸ਼ਟਿਕ ਭੋਜਨ ਵੱਲ ਧਿਆਨ ਨਹੀਂ ਦਿੰਦੇ ਜਿਸ ਕਰਕੇ ਬਹੁਤੇ ਲੋਕਾਂ ਵਿੱਚ ਅਨੀਮੀਆ ਭਾਵ ਸਰੀਰ ਵਿੱਚ ਖੂਨ ਦੀ ਕਮੀ ਪਾਈ ਜਾਂਦੀ ਹੈ। ਸਰੀਰ ਵਿੱਚ ਖੂਨ ਦੀ ਕਮੀ ਕਰਕੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਦੇ ਲਈ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਭੋਜਨ ਵਿੱਚ ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨ ਅਤੇ ਰੋਜ਼ਾਨਾ ਕਸਰਤ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਚੰਗੀ ਸਿਹਤ ਦੇ ਨਾਲ ਚੰਗੀ ਮਾਨਸਿਕ ਸਿਹਤ ਵਿੱਚ ਸੰਤੁਲਨ ਬਣਾਉਣ ਤੇ ਜ਼ੋਰ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇ ਔਰਤਾਂ ਦੀ ਸਿਹਤ ਚੰਗੀ ਹੋਵੇਗੀ ਤਾਂ ਹੀ ਸਿਹਤਮੰਦ ਬੱਚੇ ਪੈਦਾ ਹੋਣਗੇ ਇਸ ਕਰਕੇ ਔਰਤਾਂ ਨੂੰ ਅਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਨੂੰ ਚੰਗੀ ਸਿਹਤ ਬਣਾਉਣੀ ਚਾਹੀਦੀ ਹੈ। ਇਸ ਮੌਕੇ ਕਾਲਜ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਕਾਲਜ ਦਾ ਸਮੂਹ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਰਿਹਾ। ਪ੍ਰੋਗਰਾਮ ਦੇ ਅੰਤ ਵਿੱਚ ਡਾ.ਗੁਰਵਿੰਦਰ ਕੌਰ (ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ) ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ।

Related Post