ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੁਕ ਕਰ ਮਨਾਇਆ ਵਿਸ਼ਵ ਮਲੇਰੀਆ ਦਿਵਸ
- by Jasbeer Singh
- April 25, 2025
ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੁਕ ਕਰ ਮਨਾਇਆ ਵਿਸ਼ਵ ਮਲੇਰੀਆ ਦਿਵਸ ਪਟਿਆਲਾ, 25 ਅਪੈ੍ਰਲ :ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਮਲੇਰੀਆ ਦੇ ਖਾਤਮੇ ਸਬੰਧੀ ਥੀਮ ਤਹਿਤ ਅੱਜ ਵਿਸ਼ਵ ਮਲੇਰੀਆ ਦਿਵਸ ਡੀਏਵੀ ਪਬਲਿਕ ਸਕੂਲ ਪਟਿਆਲਾ ਅਤੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਮਨਾਇਆ ਗਿਆ। ਡੀਏਵੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਜਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾਂ ਨੂੰ ਖਤਮ ਕੀਤਾ ਜਾਵੇ ਸਕੂਲੀ ਬੱਚੇ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਹੋਣ ਅਤੇ ਆਪਣੇ ਮਾਪਿਆਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਜਾਗਰੂਕ ਕਰਨ ।ਉਹਨਾਂ ਕਿਹਾ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਪਰਜੀਵੀਆਂ ਦੁਆਰਾ ਹੁੰਦੀ ਹੈ ਇਹ ਸੰਕਰਮਿਤ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਜੋ ਕਿ ਇਲਾਜ ਯੋਗ ਹੈ। ਸੋ ਬੁਖਾਰ ਹੋਣ ਦੀ ਸੂਰਤ ਵਿੱਚ ਖੂਨ ਦੀ ਜਾਂਚ ਜਰੂਰ ਕਰਵਾਈ ਜਾਵੇ ਆਪਣੇ ਆਪ ਦਵਾਈ ਲੈਣ ਤੋਂ ਪਰਹੇਜ਼ ਕੀਤਾ ਜਾਵੇ। ਜਿਲ੍ਹੇ ਵਿੱਚ ਮਲੇਰੀਆ ਦੇ ਲੋਕਲ ਕੇਸ ਮੁੜ ਕੇ ਦੁਬਾਰਾ ਨਾ ਹੋਣ ਇਸ ਨੂੰ ਰੋਕਣ ਲਈ ਜਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਉਪਰਾਲੇ ਜਾਰੀ ਹਨ। ਖਾਸ ਤੋਰ ਤੇ ਪਰਵਾਸੀ ਅਬਾਦੀ ਜੋ ਦੂਜੇ ਰਾਜਾਂ ਤੋਂ ਆਉਂਦੀ ਹੈ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਟਿਆਲਾ ਜਿਲ੍ਹੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮਲੇਰੀਆ ਦਾ ਲੋਕਲ ਕੇਸ ਨਹੀਂ ਪਾਇਆ ਗਿਆ। ਜਿਸ ਨਾਲ ਅਸੀਂ ਜਿਲ੍ਹਾ ਪਟਿਆਲਾ ਨੂੰ ਮਲੇਰੀਆ ਐਲੈਮੀਨੇਟ ਕਰਨ ਦਾ ਟੀਚਾ ਪੂਰਾ ਕਰ ਲਿਆ ਹੈ ਤੇ ਹੁਣ ਜ਼ਿਲ੍ਹੇ ਵਿੱਚ ਕੰਮ ਕਾਜ ਲਈ ਬਾਹਰੀ ਰਾਜਾਂ ਤੋਂ ਆ ਰਹੀ ਲੇਬਰ ਦੀ ਸਕਰੀਨਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਗੇ ਲੋਕਲ ਟਰਾਂਸਮਿਸ਼ਨ ਨਾ ਹੋ ਸਕੇ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ ਚਿਕਨਗੁਨੀਆ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਤਲਾਬਾ ਟੋਬਿਆਂ ਵਿੱਚ ਗੰਬੂਜੀਆਂ ਮੱਛੀਆਂ ਛੱਡਣਾ, ਖੜੇ ਪਾਣੀਆਂ ਵਿੱਚ ਲਾਰਵੀ ਸਾਈਡ ਦਵਾਈ ਦਾ ਸਪਰੇ ਕਰਨਾ ਜਾਰੀ ਹੈ। ਸਕੂਲਾਂ ਵਿੱਚ ਜਾ ਕੇ ਸਿਹਤ ਟੀਮਾਂ ਵੱਲੋਂ ਅਧਿਆਪਕਾਂ ਤੇ ਬੱਚਿਆਂ ਨੂੰ ਡੇਂਗੂ ਮਲੇਰੀਆ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਟ੍ਰੇਨਿੰਗ ਸੈਸ਼ਨ ਵੀ ਲਗਾਇਆ ਗਿਆ। ਪ੍ਰਾਈਵੇਟ ਖੇਤਰ ਵਿੱਚ ਮਲੇਰੀਆ ਕੇਸਾਂ ਦੀ ਨੋਟੀਫਿਕੇਸ਼ਨ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕੇਸ ਸਾਹਮਣੇ ਆਉਣ ਤੇ ਵਿਭਾਗ ਵੱਲੋਂ ਸਮੇਂ ਸਿਰ ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕੀਤੇ ਜਾ ਸਕਣ ਵਿਸ਼ਵ ਸਿਹਤ ਸੰਸਥਾ ਤੋਂ ਮਲੇਰੀਆ ਮੁਕਤ ਪਰਮਾਨਤਾ ਲੈਣ ਲਈ ਮਲੇਰੀਆ ਜਾਂਚ ਦੇ ਟੀਚੇ ਵਧਾ ਕੇ 10% ਸਲਾਨਾ ਆਬਾਦੀ ਦੇ ਹਿਸਾਬ ਨਾਲ ਵਧਾ ਦਿੱਤੇ ਗਏ ਹਨ ਤਾਂ ਜੋ ਪੁਖਤਾ ਤੌਰ ਤੇ ਮਲੇਰੀਆ ਅਨਮੁਲਨ ਦੀ ਪ੍ਰਾਪਤੀ ਕੀਤੀ ਜਾ ਸਕੇ। ਇਸ ਮੋਕੇ ਡਿਪਟੀ ਡੀ.ਈ.ਓ ਰਵਿੰਦਰਪਾਲ ਸਿੰਘ, ਜਗਮੀਤ ਸਾਹਨੀ,ਡਾ.ਦਿਵਜੋਤ ਸਿੰਘ, ਪ੍ਰਿੰਸੀਪਲ ਵਿਵੇਕ ਤਿਵਾੜੀ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
