post

Jasbeer Singh

(Chief Editor)

Patiala News

ਨੌਜਵਾਨ ਦੇਸ ਦਾ ਅਸਲ ਸਰਮਾਇਆ : ਪ੍ਰੋ. ਨਰਿੰਦਰ ਕੌਰ ਮੁਲਤਾਨੀ

post-img

ਨੌਜਵਾਨ ਦੇਸ ਦਾ ਅਸਲ ਸਰਮਾਇਆ : ਪ੍ਰੋ. ਨਰਿੰਦਰ ਕੌਰ ਮੁਲਤਾਨੀ -ਪੰਜਾਬੀ ਯੂਨੀਵਰਸਿਟੀ ਵਿਖੇ 'ਸਮਾਜਿਕ-ਸੱਭਿਆਚਾਰਕ ਤਬਦੀਲੀਆਂ ਦਾ ਭਾਰਤ ਅਤੇ ਯੂਰਪ ਦੇ ਨੌਜਵਾਨਾਂ ਉੱਤੇ ਪੈਂਦੇ ਪ੍ਰਭਾਵ' ਬਾਰੇ ਸੈਮੀਨਾਰ ਕਰਵਾਇਆ ਪਟਿਆਲਾ, 18 ਮਾਰਚ : 'ਨੌਜਵਾਨ ਦੇਸ ਦਾ ਅਸਲ ਸਰਮਾਇਆ ਹਨ । ਇਸ ਲਈ ਇਹ ਵੇਖਣਾ ਅਤੇ ਨਿਯੰਤਰਣ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਸਮੇਂ ਵਿੱਚ ਤੇਜ਼ੀ ਨਾਲ਼ ਆ ਰਹੀਆਂ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਉਨ੍ਹਾਂ ਉੱਤੇ ਕਿਸ ਤਰ੍ਹਾਂ ਅਸਰਅੰਦਾਜ਼ ਹੋ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਹ ਵਿਚਾਰ 'ਸਮਾਜਿਕ-ਸੱਭਿਆਚਾਰਕ ਤਬਦੀਲੀਆਂ ਦਾ ਭਾਰਤ ਅਤੇ ਯੂਰਪ ਦੇ ਨੌਜਵਾਨਾਂ ਉੱਤੇ ਪੈਂਦੇ ਪ੍ਰਭਾਵ' ਦੇ ਵਿਸ਼ੇ ਉੱਤੇ ਕਰਵਾਏ ਗਏ ਇੱਕ ਦਿਨਾ ਅੰਤਰ-ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਬੁੱਧੀਮਾਨ ਹਨ ਜੋ ਹਰ ਤਰ੍ਹਾਂ ਦੀਆਂ ਤਬਦੀਲੀਆਂ ਨਾਲ਼ ਨਜਿੱਠਣ ਬਾਰੇ ਬਿਹਤਰ ਜਾਣਦੇ ਹਨ । ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਜੀਨ ਮੋਨੈੱਟ ਮੋਡਿਊਲ ਕਲਚਰ ਸੋਸਾਇਟੀ ਐਂਡ ਚੇਂਜ ਇਨ ਯੌਰਪ (ਸੀ. ਐੱਸ. ਆਈ. ਸੀ.) ਦੇ ਸਹਿਯੋਗ ਨਾਲ਼ ਕਰਵਾਏ ਇਸ ਸੈਮੀਨਾਰ ਦਾ ਮੁੱਖ-ਸੁਰ ਭਾਸ਼ਣ ਦਿੰਦਿਆਂ ਸ਼ੁਭਾਂਗ ਪਾਰਿਖ ਨੇ ਕਿਹਾ ਕਿ ਭਵਿੱਖ ਵਿੱਚ ਸਾਨੂੰ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਬਾਰੇ ਆਦਤ ਪਾਉਣ ਸਬੰਧੀ ਨੌਜਵਾਨਾਂ ਨੂੰ ਜਾਗਰਿਤ ਅਤੇ ਸਿੱਖਿਅਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਸਾਲਾਂ ਵਿੱਚ ਸੂਰਜੀ ਊਰਜਾ ਨਾਲ਼ ਸਬੰਧਤ ਬਹੁਤ ਸਾਰੇ ਪ੍ਰਾਜੈਕਟ ਸਾਡੇ ਸਾਹਮਣੇ ਹੋਣਗੇ। ਇਸ ਲਈ ਬਿਹਤਰ ਹੈ ਕਿ ਨੌਜਵਾਨ ਇਸ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਇਸ ਦਾ ਲਾਭ ਉਠਾ ਸਕਣ । ਜੇ. ਐੱਨ. ਯੂ. ਦਿੱਲੀ ਤੋਂ ਪ੍ਰੋ. ਸ਼ੀਤਲ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਤਬਦੀਲੀ ਦੇ ਅਰਥਾਂ ਨੂੰ ਸਮਾਜ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਮਝਾਉਂਦਿਆਂ ਨੌਜਵਾਨਾਂ ਨਾਲ਼ ਬਹੁਤ ਸਾਰੇ ਅਜਿਹੇ ਨੁਕਤੇ ਸਾਂਝੇ ਕੀਤੇ ਜੋ ਉਨ੍ਹਾਂ ਦੇ ਬਿਹਤਰ ਢੰਗ ਨਾਲ਼ ਜੀਵਨ ਜਿਉਣ ਵਿੱਚ ਸਹਾਈ ਹੋ ਸਕਦੇ ਹਨ । ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਆਪਣੀ ਵੱਖਰੀ ਸਮਰਥਾ ਅਤੇ ਵੱਖਰਾ ਜਿਉਣ ਢੰਗ ਹੁੰਦਾ ਹੈ ਇਸ ਲਈ ਕੋਈ ਵੀ ਫ਼ੈਸਲਾ ਲੈਣ ਲੱਗਿਆਂ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਤੁਹਾਡੀ ਆਪਣੀ ਨਿੱਜੀ ਯਾਤਰਾ ਹੈ ਅਤੇ ਤੁਸੀਂ ਆਪਣੇ ਹਿਸਾਬ ਨਾਲ਼ ਪੂਰੀ ਕਰਨੀ ਹੈ। ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਨੁੱਖੀ ਮਨ ਦੇ ਤਣਾਅ ਦੇ ਬਹੁਤ ਸਾਰੇ ਕਾਰਨ ਪੈਦਾ ਹੋ ਗਏ ਹਨ । ਸਵਿਟਜ਼ਰਲੈਂਡ ਤੋਂ ਪ੍ਰੋ. ਵਸੀਲਿਓਸ ਸਰਿਓਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਭਾਰਤ ਅਤੇ ਯੂਰਪ ਦੀਆਂ ਆਪੋ ਆਪਣੀ ਕਿਸਮ ਦੀਆਂ ਸਮਾਨਤਾਵਾਂ ਅਤੇ ਆਪੋ ਆਪਣੀ ਕਿਸਮ ਦੀਆਂ ਵਿਲੱਖਣਤਾਵਾਂ ਅਨੁਸਾਰ ਵਾਪਰ ਰਹੀਆਂ ਤਬਦੀਲੀਆਂ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ । ਇਸ ਤੋਂ ਪਹਿਲਾਂ ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ ਅਤੇ ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ ਵੱਲੋਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣ-ਪਛਾਣ ਕਰਵਾਉਂਦਿਆਂ ਅਹਿਮ ਟਿੱਪਣੀਆਂ ਕੀਤੀਆਂ। ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਡਾ. ਡੀ. ਪੀ. ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ । ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਡਾ. ਅਜੇ ਵਰਮਾ ਵੱਲੋਂ ਕੀਤਾ ਗਿਆ । ਉਦਘਾਟਨੀ ਸੈਸ਼ਨ ਉਪਰੰਤ ਹੋਈ ਪੈਨਲ ਡਿਸਕਸ਼ਨ ਵਿੱਚ ਅਕਾਸ਼ਬਾਣੀ ਪਟਿਆਲਾ ਤੋਂ ਸ਼ਹਿਨਾਜ਼ ਜੌਲੀ ਕੌੜਾ, ਦਿੱਲੀ ਯੂਨੀਵਰਸਿਟੀ ਤੋਂ ਡਾ. ਰੀਤੂ ਸ਼ਰਮਾ ਅਤੇ ਪ੍ਰੋ. ਗੁਰਉਪਦੇਸ਼ ਕੌਰ ਨੇ ਮਾਹਿਰਾਂ ਵਜੋਂ ਸ਼ਿਰਕਤ ਕੀਤੀ । ਇਨ੍ਹਾਂ ਪੈਨਲ ਮਾਹਿਰਾਂ ਨਾਲ ਵੱਖ-ਵੱਖ ਖੇਤਰ ਵਿੱਚ ਮੁਕਾਮ ਹਾਸਿਲ ਕਰਨ ਵਾਲ਼ੇ ਨੌਜਵਾਨਾਂ ਨੇ ਸੰਵਾਦ ਰਚਾਇਆ । ਇਸ ਸੰਵਾਦ ਵਿੱਚ 'ਬਸਤਾਘਰ' ਦੇ ਨਾਮ 'ਤੇ ਪੰਜਾਬੀ ਵਿਰਾਸਤ ਦੀ ਛਪਾਈ ਵਾਲੀਆਂ ਵਸਤਾਂ ਤਿਆਰ ਕਰਨ ਵਾਲੀ ਰੁਪਿੰਦਰ ਕੌਰ, ਨਸ਼ੇ ਦੀ ਆਦਤ ਛੱਡਣ ਵਾਲੇ ਨੌਜਵਾਨ ਵਿਰਾਜ, ਆਰਗੈਨਿਕ ਖੇਤੀ ਨਾਲ ਜੁੜੇ ਨੌਜਵਾਨ ਮਨਤਾਜ, ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਕੰਮ ਕਰਨ ਵਾਲੇ ਚਾਇਲਡ ਪ੍ਰੋਟੈਕਸ਼ਨ ਅਫਸਰ ਡਾ. ਰੂਪਵੰਤ ਕੌਰ, ਪੈਰਾ ਤੀਰ ਅੰਦਾਜ਼ ਪੂਜਾ ਅਤੇ ਏਸ਼ੀਅਨ ਪਿਛੋਕੜ ਵਾਲੀ ਇੱਕ ਯੂਰਪ ਵਸਦੀ ਨੌਜਵਾਨ ਲੜਕੀ ਨੇ ਭਾਗ ਲਿਆ । ਪੈਨਲ ਡਿਸਕਸ਼ਨ ਤੋਂ ਇਲਾਵਾ ਦੋ ਵੱਖ-ਵੱਖ ਅਕਾਦਮਿਕ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਤਕਰੀਬਨ 35 ਖੋਜ ਪੱਤਰ ਪੜ੍ਹੇ ਗਏ ।

Related Post