post

Jasbeer Singh

(Chief Editor)

Patiala News

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਅੱਜ, ਤਿਆਰੀਆਂ ਮੁਕੰਮਲ-ਡਾ. ਪ੍ਰੀਤੀ ਯਾਦਵ

post-img

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਅੱਜ, ਤਿਆਰੀਆਂ ਮੁਕੰਮਲ-ਡਾ. ਪ੍ਰੀਤੀ ਯਾਦਵ -ਪੋਲਿੰਗ ਪਾਰਟੀਆਂ ਬੈਲਟ ਬਕਸਿਆਂ ਤੇ ਹੋਰ ਚੋਣ ਸਮੱਗਰੀ ਸਮੇਤ ਦੇਰ ਸ਼ਾਮ ਪੋਲਿੰਗ ਸਟੇਸ਼ਨਾਂ 'ਤੇ ਪੁੱਜੀਆਂ -ਡੀ.ਸੀ. ਵੱਲੋਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਦਾ ਸੱਦਾ -ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਪਾਰਟੀਆਂ ਰਵਾਨਾ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ -ਸ਼ਿਕਾਇਤ ਸੈਲ ਵਿਖੇ ਦਰਜ ਕਰਵਾਈ ਜਾ ਸਕਦੀ ਹੈ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ -ਆਜ਼ਾਦਾਨਾ ਚੋਣਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ-ਐਸ.ਐਸ.ਪੀ. ਸਰਤਾਜ ਸਿੰਘ ਚਹਿਲ -ਜ਼ਿਲ੍ਹੇ ਦੇ 946 ਪੋਲਿੰਗ ਸਟੇਸ਼ਨਾਂ ਵਿਖੇ 1341 ਪੋਲਿੰਗ ਬੂਥਾਂ 'ਚ 888610 ਕੁਲ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਪਟਿਆਲਾ, 13 ਦਸੰਬਰ 2025 : ਪਟਿਆਲਾ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ ਦੇ 184 ਜ਼ੋਨਾਂ ਅਤੇ ਜ਼ਿਲ੍ਹਾ ਪਰਿਸ਼ਦ ਦੇ 23 ਜ਼ੋਨਾਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਦੇਰ ਸ਼ਾਮ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜੀਆਂ। ਇਹ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ। ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਮਹਿੰਦਰਾ ਕਾਲਜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ. ਨਗਰ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਇੱਥੇ ਵੋਟ ਬਕਸੇ ਰੱਖਣ ਲਈ ਸਥਾਪਤ ਕੀਤੇ ਗਏ ਸਟਰਾਂਗ ਰੂਮਜ ਤੇ ਗਿਣਤੀ ਕੇਂਦਰਾਂ ਦਾ ਵੀ ਨਿਰੀਖਣ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਚੋਣ ਅਮਲੇ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤੇ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਇਹ ਚੋਣ ਅਮਲ ਪੁਰ ਅਮਨ, ਨਿਰਪੱਖਤਾ, ਪਾਰਦਰਸ਼ਤਾ, ਆਜ਼ਾਦਾਨਾ ਤੇ ਨਿਰਵਿਘਨ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਵੋਟਾਂ ਪਾਉਣਗੇ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕੁਲ 946 ਪੋਲਿੰਗ ਸਟੇਸ਼ਨਾਂ ਵਿਖੇ ਸਥਾਪਤ 1341 ਪੋਲਿੰਗ ਬੂਥਾਂ 'ਤੇ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਜਦਕਿ ਸਾਰੇ ਪੋਲਿੰਗ ਬੂਥਾਂ ਵਿਖੇ ਵੀਡੀਓਗ੍ਰਾਫ਼ੀ, ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਮਾਈਕਰੋ ਆਬਜ਼ਰਵਰਾਂ ਸਮੇਤ ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਨੂੰ ਵੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ 30 ਅਤਿਸੰਵੇਨਸ਼ੀਲ ਤੇ 164 ਸੰਵੇਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਹੋਰ ਵੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਉਮੀਦਵਾਰਾਂ ਤੇ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ-ਕਮ-ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ ਫੋਨ ਨੰਬਰ 0175-2360055 ਅਤੇ ਈਮੇਲ zppatiala@yahoo.com ਹੈ। ਚੋਣ ਜਾਬਤੇ ਸਬੰਧੀਂ ਸ਼ਿਕਾਇਤਾਂ ਸਬੰਧੀਂ ਚੋਣਾਂ ਵਾਲੇ ਪਿੰਡਾਂ ਦਾ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਭੇਜ ਸਕਦਾ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਦਾ ਨਵਾਂ ਰੱਖੜਾ, ਸਨੌਰ ਦੇ ਅਲੀਪੁਰ ਜੱਟਾਂ ਤੇ ਘਲੋੜੀ, ਭੁੱਨਰਹੇੜੀ ਦੇ ਹਡਾਣਾ, ਭਾਂਖਰ, ਬਹਿਰੂ, ਤਾਜਲਪੁਰ, ਰੋਸਨਪੁਰ, ਬਰਕਤਪੁਰ, ਭੁਨਰਹੇੜੀ ਤੇ ਨੈਣ ਕਲਾਂ, ਘਨੌਰ ਦੇ ਊਂਟਸਰ, ਸ਼ੰਭੂ ਕਲਾਂ ਦੇ ਮਦਨਪੁਰ ਤੇ ਜਨਸੂਆ ਅਤੇ ਪਾਤੜਾਂ ਤੇ ਸਹਿਜਪੁਰ ਕਲਾਂ ਸ਼ਾਮਲ ਹਨ, ਇੱਥੇ ਕੇਵਲ ਜ਼ਿਲ੍ਹਾ ਪਰਸ਼ਿਦ ਦੇ ਸਬੰਧਤ ਜ਼ੋਨ ਦੇ ਉਮੀਦਵਾਰ ਦੀ ਹੀ ਚੋਣ ਹੋਵੇਗੀ। ਇਸੇ ਦੌਰਾਨ ਜ਼ਿਲ੍ਹਾ ਪਟਿਆਲਾ ਦੀ ਨਿਗਰਾਨੀ ਕਰ ਰਹੇ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਨੇ ਵੀ ਵੱਖ ਵੱਖ ਪੋਲਿੰਗ ਬੂਥਾਂ 'ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾ ਰਹੀਆਂ ਪੁਲਿਸ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਅਤੇ ਐਸ.ਪੀਜ ਤੇ ਡੀ.ਐਸ.ਪੀਜ ਸਮੇਤ ਐਸ.ਐਚ.ਓਜ ਨੂੰ ਜਰੂਰੀ ਹਦਾਇਤਾਂ ਦਿੱਤੀਆਂ। ਸ. ਚਹਿਲ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ ਫੋਰਸ ਦੀ ਲੋੜੀਂਦੀ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁਲੜਬਾਜੀ ਜਾਂ ਕੋਈ ਗ਼ਲਤ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਅਤੇ ਏ.ਡੀ.ਸੀ. ਸ਼ਹਿਰੀ ਵਿਕਾਸ ਡਾ. ਇਸਮਤ ਵਿਜੇ ਸਿੰਘ ਨੇ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜਾ ਲਿਆ ਅਤੇ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਦਮਨਜੀਤ ਸਿੰਘ ਮਾਨ ਨੇ ਚੋਣ ਅਮਲੇ ਨੂੰ 14 ਦਸੰਬਰ ਨੂੰ ਸਫ਼ਲਤਾ ਪੂਰਵਕ ਵੋਟਾਂ ਪੁਆਉਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਸਮੂਹ ਵੋਟਰ ਵੀ ਅਪੀਲ ਕੀਤੀ ਕਿ ਉਹ ਇਹ ਚੋਣਾਂ ਪੁਰ ਅਮਨ ਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਆਪਣਾ ਸਹਿਯੋਗ ਦੇਣ।

Related Post

Instagram