

ਜ਼ੀਰਕਪੁਰ ਦੀ ਵੀਆਈਪੀ ਸੜਕ ’ਤੇ ਸਥਿਤ ਮਾਇਆ ਗਾਰਡਨ ਸੁਸਾਇਟੀ ਦੀ 11ਵੀਂ ਮੰਜ਼ਿਲ ਤੋਂ ਡਿੱਗ ਕੇ ਇਕ 45 ਸਾਲਾ ਵਿਆਹੁਤਾ ਦੀ ਮੌਤ ਹੋ ਗਈ।ਮ੍ਰਿਤਕਾ ਔਰਤ ਜ਼ੀਰਕਪੁਰ ਵਿਖੇ ਆਪਣੇ ਭਰਾ ਨੂੰ ਮਿਲਣ ਲਈ ਆਈ ਹੋਈ ਸੀ। ਪੁਲਿਸ ਅਨੁਸਾਰ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ, ਜਿਸ ਦਾ ਯਮੁਨਾ ਨਗਰ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ, ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਸਤਿੰਦਰ ਸਿੰਘ ਨੇ ਦੱਸਿਆ ਕਿ ਮਮਤਾ ਰਾਣੀ (45 ਸਾਲ) ਜਗਾਧਰੀ ਵਿਖੇ ਵਿਆਹੀ ਹੋਈ ਸੀ। ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸ ਦਾ ਯਮੁਨਾ ਨਗਰ ਵਿਖੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਮਮਤਾ ਰਾਣੀ ਬੀਤੇ ਕਰੀਬ ਇਕ ਮਹੀਨੇ ਤੋਂ ਮਾਇਆ ਗਾਰਡਨ ਸੋਸਾਇਟੀ ’ਚ ਆਪਣੇ ਭਰਾ ਦੇ ਘਰ ਰਹਿਣ ਆਈ ਹੋਈ ਸੀ, ਬੀਤੀ ਕੱਲ੍ਹ ਜਦੋਂ ਉਹ ਸੁਸਾਇਟੀ ਦੇ ਗਿਆਰਵੀਂ ਮੰਜ਼ਿਲ ’ਤੇ ਸਥਿਤ ਫਲੈਟ ਦੀ ਬਾਲਕੋਨੀ ’ਚ ਆਈ ਤਾਂ ਅਚਾਨਕ ਉਸ ਦਾ ਪੈਰ ਸਲਿਪ ਹੋਣ ਕਾਰਨ ਉਹ ਥੱਲੇ ਡਿੱਗ ਗਈ ਅਤੇ ਪੰਜਵੀਂ ਮੰਜਲ ’ਤੇ ਆ ਕੇ ਅਟਕ ਗਈ। ਪੜਤਾਲੀਆ ਅਫ਼ਸਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਮਮਤਾ ਰਾਣੀ ਨੂੰ ਪੰਜਵੀਂ ਮੰਜ਼ਿਲ ਤੋਂ ਉਤਾਰ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਅਨੁਸਾਰ ਮ੍ਰਿਤਕਾ ਦੇ ਦੋ ਲੜਕੇ ਵੀ ਹਨ। ਪੁਲਿਸ ਵੱਲੋਂ ਉਸ ਦੇ ਪਤੀ ਨੂੰ ਮੌਕੇ ’ਤੇ ਬੁਲਾ ਕੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।