July 6, 2024 01:05:22
post

Jasbeer Singh

(Chief Editor)

Punjab, Haryana & Himachal

ਵੋਟਾਂ ਵੱਧ ਪਵਾਉਣ ਵਾਲੇ ਬੀਐੱਲਓਜ਼ ਨੂੰ ਮਿਲੇਗਾ ਇਨਾਮ

post-img

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਕਰਦਿਆਂ ਸਾਰੇ ਬੂਥਾਂ ’ਤੇ ਵੋਟਿੰਗ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਬੂਥ ਲੈਵਲ ਅਫਸਰ (ਬੀਐੱਲਓਜ਼) ਆਪੋ-ਆਪਣੇ ਬੂਥਾਂ ’ਤੇ ਵੋਟਿੰਗ ਫ਼ੀਸਦ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2019 ਦੇ ਮੁਕਾਬਲੇ 10 ਫ਼ੀਸਦੀ ਜਾਂ ਇਸ ਤੋਂ ਵੱਧ ਵੋਟਰ ਪ੍ਰਤੀਸ਼ਤ ਵਿੱਚ ਵਾਧਾ ਕਰਨ ਵਾਲੇ ਬੀਐੱਲਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸੂਬਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਜਿਹੜੇ ਬੂਥਾਂ ਉੱਤੇ ਵੋਟਿੰਗ 75 ਫ਼ੀਸਦੀ ਤੋਂ ਵੱਧ ਹੋਵੇਗੀ, ਉੱਥੋਂ ਦੇ ਬੀਐੱਲਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸਿਬਿਨ ਸੀ ਨੇ ਕਿਹਾ ਕਿ ਬੀਐੱਲਓਜ਼ ਵੋਟਰ ਸਲਿੱਪਾਂ ਅਤੇ ‘ਵੋਟਿੰਗ ਸੱਦਾ ਪੱਤਰ’ ਘਰ-ਘਰ ਜਾ ਕੇ ਖੁਦ ਵੰਡਣ। ਉਨ੍ਹਾਂ ਇਸ ਕੰਮ ਨਾਲ ਜੁੜੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਰੇ ਜ਼ਿਲੇ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਵੋਟਾਂ ਪੈਣ ਤੱਕ ਆਪਣੀਆਂ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਜਾਰੀ ਰੱਖਣ। ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਸਵੀਪ ਅਤੇ ਸੋਸ਼ਲ ਮੀਡੀਆ ਟੀਮਾਂ ਪੋਲਿੰਗ ਸਟੇਸ਼ਨਾਂ, ਮਾਡਲ ਬੂਥਾਂ, ਔਰਤਾਂ ਤੇ ਦਿਵਿਆਂਗਾਂ ਲਈ ਬੂਥਾਂ ’ਤੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਹੋਰ ਪਹਿਲਕਦਮੀਆਂ ਦੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ। ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਿਆਂ ਵੱਲੋਂ ਭੇਜੀਆਂ ਵਧੀਆ ਫੋਟੋਆਂ ਤੇ ਵੀਡੀਓਜ਼ ਚੋਣ ਕਮਿਸ਼ਨ ਨੂੰ ਭੇਜੀਆਂ ਜਾਣਗੀਆਂ।

Related Post