

ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅੱਜ ਬਾਅਦ ਦੁਪਹਿਰ ਹਨੇਰੀ ਚੱਲਣ ਤੋਂ ਬਾਅਦ ਮੀਂਹ ਤੇ ਗੜੇ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਤੋਂ ਪਹਿਲਾਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਸਾਰਾ ਦਿਨ ਗਰਮੀ ਰਹੀ ਤੇ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਤੱਕ ਵੱਧ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਅੱਜ ਪੰਜਾਬ ਦੇ ਪਟਿਆਲਾ, ਸੰਗਰੂਰ, ਮੁਹਾਲੀ, ਰੋਪੜ ਅਤੇ ਜ਼ੀਰਕਪੁਰ ਦੇ ਆਲੇ-ਦੁਆਲੇ ਕੁਝ ਥਾਵਾਂ ’ਤੇ ਹਲਕਾ ਮੀਂਹ ਪਿਆ ਹੈ। ਇਸ ਦੌਰਾਨ ਸੰਗਰੂਰ ਤੇ ਜ਼ੀਰਕਪੁਰ ਵਿੱਚ ਗੜੇ ਵੀ ਪਏ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਵਿੱਚ 6 ਤੇ 7 ਜੂਨ ਨੂੰ ਕੁਝ ਥਾਵਾਂ ’ਤੇ ਕਿਣ-ਮਿਣ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।