
ਅਦਾਲਤ ਨੇ ਕੀਤੀ ਪੁਲਸ ਹਿਰਾਸਤ ਵਿਚ ਮਰਨ ਵਾਲੇ ਨੌਜਵਾਨ ਦੇ ਮਾਮਲੇ ਵਿਚ ਪੁਲਸ ਮੁਲਾਜਮਾਂ ਦੀ ਜ਼ਮਾਨਤ ਰੱਦ
- by Jasbeer Singh
- July 15, 2025

ਅਦਾਲਤ ਨੇ ਕੀਤੀ ਪੁਲਸ ਹਿਰਾਸਤ ਵਿਚ ਮਰਨ ਵਾਲੇ ਨੌਜਵਾਨ ਦੇ ਮਾਮਲੇ ਵਿਚ ਪੁਲਸ ਮੁਲਾਜਮਾਂ ਦੀ ਜ਼ਮਾਨਤ ਰੱਦ ਬਠਿੰਡਾ, 15 ਜੁਲਾਈ 2025 : ਮਾਨਯੋਗ ਅਦਾਲਤ ਨੇ ਸੀ. ਆਈ. ਏ. ਸਟਾਫ-ਵਨ ਦੇ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜ ਪੁਲਸ ਮੁਲਾਜਮਾਂ ਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉਪਰੋਕਤ ਪੁਲਸ ਮੁਲਾਜਮਾਂ ਦੀ ਹਿਰਾਸਤ ਵਿਚ ਗੋਨਿਆਣਾ ਇਲਾਕੇ ਦੇ ਪਿੰਡ ਲੱਖੀ ਜੰਗਲ ਨਿਵਾਸੀ ਭਿੰਦਰ ਸਿੰਘ ਦੀ ਮੌਤ ਹੋ ਗਈ ਸੀ। ਹਾਲਾਂਕਿ ਇੰਨਾਂ ਪੰਜਾਂ ਕੋਲ ਹਾਈਕੋਰਟ ਕੋਲ ਜਾਣ ਦਾ ਰਾਹ ਅਜੇ ਬਾਕੀ ਹੈ ਫਿਰ ਵੀ ਜਿਲਾ ਅਦਾਲਤ ਦੇ ਇਸ ਫੈਸਲੇ ਨੂੰ ਪੁਲਿਸ ਮੁਲਾਜਮਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਇੰਨਾਂ ਪੁਲਿਸ ਮੁਲਾਜਮਾਂ ਵੱਲੋਂ ਜੁਡੀਸ਼ੀਅਲ ਜਾਂਚ ਤੇ ਰੋਕ ਲਾਉਣ ਦੀ ਅਪੀਲ ਵੀ ਰੱਦ ਕਰ ਚੁੱਕੀ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹਾਈਕੋਰਟ ਵੱਲੋਂ ਜੁਡੀਸ਼ੀਅਲ ਜਾਂਚ ਤੇ ਰੋਕ ਲਾਉਣ ਦੀ ਅਰਜੀ ਰੱਦ ਕਰਨ ਕਾਰਨ ਇੰਨਾਂ ਪੁਲਿਸ ਕਰਮਚਾਰੀਆਂ ਨੂੰ ਕੋਈ ਵੱਡੀ ਰਾਹਤ ਮਿਲਣੀ ਮੁਸ਼ਕਿਲ ਹੈ। ਪੰਜੋਂ ਪੁਲਸ ਮੁਲਾਜਮਾਂ ਨੂੰ ਦਿੱਤੇ ਸੀ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਬਠਿੰਡਾ ਦੀ ਮਾਨਯੋਗ ਜਿਲਾ ਅਦਾਲਤ ਨੇ ਅੱਜ ਹੋਈ ਮਾਮਲੇ ਦੀ ਸੁਣਵਾਈ ’ਚ ਸ਼ਾਮਲ ਹੋਣ ਲਈ ਪੰਜਾਂ ਪੁਲਿਸ ਮੁਲਾਜਮਾਂ ਨੂੰ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਹੋਏ ਸਨ ਪਰ ਮਾਨਯੋਗ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ। ਕਿਸ ਕਿਸ ਨੇ ਕੀਤੀ ਸੀ ਕੋਰਟ ਵਿਚ ਜ਼ਮਾਨਤ ਅਰਜ਼ੀ ਦਾਇਰ ਬਠਿੰਡਾ ਵਿਖੇ ਮਾਨਯੋਗ ਜਿਲਾ ਅਦਾਲਤ ਵਿਚ ਜਿਨ੍ਹਾਂ ਪੁਲਸ ਕਰਮਚਾਰੀਆਂ, ਅਧਿਕਾਰੀਆਂ ਵਲੋਂ ਜਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਵਿਚ ਇੰਸਪੈਕਟਰ ਨਵਪ੍ਰੀਤ ਸਿੰਘ ਵਾਸੀ ਹਾਊਸਫੈਡ ਕਲੋਨੀ ਡੱਬਵਾਲੀ ਰੋਡ ਬਠਿੰਡਾ, ਹੈਡ ਕਾਂਸਟੇਬਲ ਰਾਜਵਿੰਦਰ ਸਿੰਘ ਵਾਸੀ ਪਿੰਡ ਦਿਉਣ, ਸਿਪਾਹੀ ਹਰਜੀਤ ਸਿੰਘ ਵਾਸੀ ਪਿੰਡ ਭਾਗੀਵਾਂਦਰ, ਗਗਨਪ੍ਰੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਜਸਵਿੰਦਰ ਸਿੰਘ ਮਾਨ ਵਾਸੀ ਮੁਲਤਾਨੀਆ ਰੋਡ ਬਠਿੰਡਾ ਸ਼ਾਮਲ ਹਨ। ਉਕਤ ਨੇ ਲੰਘੀ 9 ਜੁਲਾਈ ਨੂੰ ਪਟੀਸ਼ਨ ਦਾਇਰ ਕਰਕੇ ਜਮਾਨਤ ਦੀ ਮੰਗ ਕੀਤੀ ਸੀ।