
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ 150ਵੀਂ ਮੋਦੀ ਜਯੰਤੀ ਦਾ ਆਯੋਜਨ
- by Jasbeer Singh
- October 22, 2025

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ 150ਵੀਂ ਮੋਦੀ ਜਯੰਤੀ ਦਾ ਆਯੋਜਨ ਪਟਿਆਲਾ: 22 ਅਕਤੂਬਰ, 2025 : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ 150ਵੀਂ ਮੋਦੀ ਜਯੰਤੀ ਮੌਕੇ ਹਵਨ-ਯੱਗ ਅਤੇ ਪੂਜਾ-ਅਰਚਨਾ ਆਯੋਜਿਤ ਕੀਤੀ ਗਈ। ਕਾਲਜ ਵੱਲੋਂ ਆਪਣੇ ਦੂਰਅੰਦੇਸ਼ੀ ਸੰਸਥਾਪਕ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਰਾਸਤ ਨੂੰ ਯਾਦ ਕਰਨ ਹਿੱਤ ਹਫ਼ਤਾ ਭਰ ਆਯੋਜਿਤ ਕੀਤੇ ਵੱਖ-ਵੱਖ ਅਕਾਦਮਿਕ, ਸਾਹਿਤਕ ਅਤੇ ਹੁਨਰ ਅਧਾਰਤ ਮੁਕਾਬਲਿਆਂ ਅਤੇ ਗਤੀਵਿਧੀਆਂ ਦੁਆਰਾ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਜ਼ਲੀ ਅਰਪਿਤ ਕੀਤੀ ਗਈ।। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਸੁਰਿੰਦਰ ਲਾਲ ਜੀ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਉੱਤਰੀ ਭਾਰਤ ਦੇ ਮੋਹਰੀ ਸਮਾਜ ਸੁਧਾਰਕਾਂ ਵਿੱਚੋਂ ਇੱਕ ਸਨ ਜੋ ਸਿੱਖਿਆ ਅਤੇ ਗਿਆਨ ਰਾਹੀ ਸਮਾਜਿਕ ਤਬਦੀਲੀ ਦੇ ਆਦਰਸ਼ਾਂ ਵਿੱਚ ਵਿਸ਼ਵਾਸ ਰੱਖਦੇ ਸਨ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਲਜ ਦੇ ਸੰਸਥਾਪਕ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਤਬਦੀਲੀ ਲਿਆਉਣ ਅਤੇ ਆਲੋਚਨਾਤਮਕ ਸੋਚ ਦੁਆਰਾ ਵਿਕਿਸਤ ਸਮਾਜ ਦੀ ਸਥਾਪਨਾ ਕਰਨ ਲਈ ਇੱਕ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਦੀ ਦ੍ਰਿਸ਼ਟੀ ਸਾਡੀ ਮਾਰਗ ਦਰਸ਼ਕ ਹੈ ਅਤੇ ਸਮਾਜ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੋਦੀ ਜਯੰਤੀ ਦੇ ਸੰਦਰਭ ਵਿੱਚ ਇਸ ਸਾਲ ਵੀ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਭਰਵੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਮੁਕਾਬਲੇ ਅਤੇ ਹੁਨਰ ਆਧਾਰਿਤ ਗਤੀਵਿਧੀਆਂ ਆਯੋਜਿਤ ਕੀਤੀਆ ਗਈਆਂ।ਮਾਨਵਤਾ ਦੀ ਭਲਾਈ ਹਿੱਤ ਅਤੇ 'ਖ਼ੂਨਦਾਨ-ਮਹਾਂਦਾਨ' ਦੇ ਸੰਦੇਸ਼ ਨੂੰ ਫੈਲਾਉਣ ਲਈ ਕਾਲਜ ਦੇ ਐਨ.ਐਸ.ਐਸ ਵਿੰਗ, ਐੱਨ.ਸੀ.ਸੀ ਵਿੰਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ 48 ਯੂਨਿਟ ਖ਼ੂਨਦਾਨ ਕੀਤਾ ਗਿਆ। ਮੋਦੀ ਜਯੰਤੀ ਹਫ਼ਤੇ ਦੇ ਜਸ਼ਨਾਂ ਦੇ ਹਿੱਸੇ ਵਜੋਂ "ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਿੱਖਿਆ, ਸਾਹਿਤ ਅਤੇ ਖੋਜ" ਵਿਸ਼ੇ 'ਤੇ ਇੱਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ ਇਹ ਵਿਸ਼ੇਸ਼ ਭਾਸ਼ਣ ਪੋਸਟ-ਗ੍ਰੈਜੂਏਟ ਵਿਭਾਗ ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ ਅਤੇ ਇਸਦਾ ਉਦੇਸ਼ ਸਿੱਖਿਆ, ਸਾਹਿਤ ਅਤੇ ਖੋਜ 'ਤੇ ਏਆਈ ਦੇ ਪ੍ਰਭਾਵਾਂ ਦੀ ਪੜਚੋਲ ਕਰਨਾ ਸੀ । ਡਾ. ਕੰਬੋਜ ਨੇ ਆਪਣੇ ਭਾਸ਼ਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਥੀਮੈਟਿਕ ਅਤੇ ਸੰਕਲਪਿਕ ਬੁਨਿਆਦਾਂ, ਇਸਦੇ ਵੱਖ-ਵੱਖ ਉਪਯੋਗਾਂ ਅਤੇ ਸਿੱਖਿਆ, ਸਾਹਿਤ ਅਤੇ ਖੋਜ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਾਂ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ, ਗੁੰਝਲਾਂ ਅਤੇ ਸੀਮਾਵਾਂ ਨੂੰ ਸਮਝਣ ਅਤੇ ਆਪਣੇ ਖੇਤਰਾਂ ਦੀਆਂ ਜ਼ਰੂਰਤਾਂ ਮੁਤਾਵਿਕ ਜਾਗਰੂਕ ਸਮਾਜ ਦੀ ਸਿਰਜਣਾ ਲਈ ਇਸਦੀ ਸ਼ਕਤੀ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੋਦੀ ਜੈਅੰਤੀ ਦੇ ਸੰਦਰਭ ਵਿੱਚ ਕੰਪਿਊਟਰ ਸਾਇੰਸ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਭਾਗਾਂ ਦੁਆਰਾ ਸਾਂਝੇ ਤੌਰ 'ਤੇ ਇੱਕ 'ਨਿਬੰਧ ਲਿਖਣ ਮੁਕਾਬਲਾ' ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਰੇ ਵਿਭਾਗਾਂ ਅਤੇ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 'ਸਿੱਖਿਆ ਵਿੱਚ ਏਆਈ: ਮਨੁੱਖੀ ਸਮਰੱਥਾ ਨੂੰ ਵਧਾਉਣਾ ਜਾਂ ਸੁਤੰਤਰ ਸੋਚ ਨੂੰ ਰੋਕਣਾ?' 'ਭਾਰਤ ਦੀ ਜਲਵਾਯੂ ਦੁਬਿਧਾ: ਕੀ ਵਿਕਾਸ ਅਤੇ ਸਥਿਰਤਾ ਸਹਿ-ਮੌਜੂਦ ਹੋ ਸਕਦੇ ਹਨ?' 'ਪੰਜਾਬ ਵਿੱਚ ਲੈਂਡ ਪੂਲਿੰਗ ਨੀਤੀ: ਤਰੱਕੀ ਦਾ ਰਸਤਾ ਜਾਂ ਨੀਤੀਗਤ ਖਤਰਾ?' 'ਭਾਰਤੀ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨਾ: ਪਛਾਣ ਨੂੰ ਸੁਰੱਖਿਅਤ ਰੱਖਣਾ ਜਾਂ ਵਿਸ਼ਵਵਿਆਪੀ ਸਾਰਥਕਤਾ ਨੂੰ ਅਪਣਾਉਣਾ?' ਅਤੇ 'ਵਪਾਰਕ ਰੁਕਾਵਟਾਂ ਅਤੇ ਭਾਰਤ: ਆਤਮ-ਨਿਰਭਰ ਭਾਰਤ ਵੱਲ ਜਾਂ ਸਜ਼ਾ ਤੇ ਧੱਕਾ ?' 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਮੁਕਾਬਲਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ ਮੋਦੀ ਜੈਅੰਤੀ ਦੇ ਸੰਦਰਭ ਵਿੱਚ ਹੀ ਕਾਲਜ ਦੀਆਂ ਸਾਹਿਤਕ ਸਭਾਵਾਂ, 'ਆਰਕੇਡੀਆ', ਅੰਗਰੇਜ਼ੀ ਵਿਭਾਗ ਅਤੇ 'ਪੰਜਾਬੀ ਸਾਹਿਤ ਸਭਾ', ਪੰਜਾਬੀ ਵਿਭਾਗ ਨੇ ਭਾਸ਼ਾ ਵਿਭਾਗ, ਪਟਿਆਲਾ, ਪ੍ਰਕਾਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਵੱਖ-ਵੱਖ ਪ੍ਰਕਾਸ਼ਕਾਂ ਦੇ ਸਹਿਯੋਗ ਨਾਲ ਮੋਦੀ ਜਯੰਤੀ ਹਫ਼ਤੇ ਨੂੰ ਮਨਾਉਣ ਲਈ ਕਾਲਜ ਕੈਂਪਸ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਪੁਸਤਕ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕੀਤਾ। ।ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਸ਼ੈਲੀਆਂ 'ਤੇ ਹਜ਼ਾਰਾਂ ਕਿਤਾਬਾਂ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਕਿਤਾਬਾਂ ਖਰੀਦੀਆਂ। ਮੋਦੀ ਜਯੰਤੀ ਦੇ ਇਸ ਸ਼ੁਭ ਮੌਕੇ 'ਤੇ ਸਮੂਹ ਸਟਾਫ਼ ਮੈਂਬਰ ਅਤੇ ਸਾਬਕਾ ਸਟਾਫ਼ ਮੈਂਬਰ ਵੀ ਹਾਜ਼ਰ ਸਨ ਜਿਹਨਾਂ ਨੇ ਇਸ ਮੌਕੇ ਤੇ ਸਮੂਹ ਸੰਸਾਰ ਦੀ ਭਲਾਈ ਅਤੇ ਸ਼ਾਂਤੀ ਲਈ ਪਰਾਥਨਾ ਕੀਤੀ ।