

Muktsar News : ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਅਗਲੇ ਦਿਨ ਸਰੋਵਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਇਹ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ। ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਬੱਚੇ ਸਰੋਵਰ 'ਤੇ ਇਸ਼ਨਾਨ ਕਰਨ ਲਈ ਗਏ ਹੁੰਦੇ ਤਾਂ ਉਨ੍ਹਾਂ ਨੇ ਕੱਪੜੇ ਲਾਹ ਕੇ ਤੇ ਚੱਪਲਾਂ ਵੀ ਬਾਹਰ ਉਤਾਰਕੇ ਇਸ਼ਨਾਨ ਕਰਨਾ ਸੀ, ਪਰ ਬੱਚਿਆਂ ਨੇ ਕੱਪੜੇ ਵੀ ਪਾਏ ਹੋਏ ਸਨ ਤੇ ਉਹਨਾਂ ਦੀਆਂ ਚੱਪਲਾਂ ਵੀ ਸਰੋਵਰ ਵਿੱਚੋਂ ਹੀ ਮਿਲਿਆ ਹਨ। ਜਦੋਂ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਵਿੱਚੋਂ ਕੱਢੀਆ ਗਈਆਂ ਤਾਂ ਉਹਨਾਂ ਨੇ ਢਿੱਡ ਵੀ ਨਹੀਂ ਫੁੱਲੇ ਹੋਏ ਹਨ, ਕਿਉਂਕਿ ਜੋ ਵਿਅਕਤੀ ਡੁੱਬਕੇ ਮਰਦਾ ਹੈ ਤਾਂ ਢਿੱਡ ਅੰਦਰ ਪਾਣੀ ਭਰਨ ਨਾਲ ਉਹ ਫੁੱਲ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।