
ਐਕਸਿਸ ਬੈਂਕ ਦੀ ਕੰਧ ਨੂੰ ਪਾੜ ਲਾ ਕੇ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਕਾਬੂ
- by Jasbeer Singh
- June 14, 2025

ਐਕਸਿਸ ਬੈਂਕ ਦੀ ਕੰਧ ਨੂੰ ਪਾੜ ਲਾ ਕੇ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਕਾਬੂ ਪਾਤੜਾਂ, 14 ਜੂਨ : ਬੀਤੇ ਦਿਨੀਂ ਪਿੰਡ ਸ਼ੇਰਗੜ੍ਹ ਦੀ ਐਕਸਿਸ ਬੈਂਕ ਦੀ ਬ੍ਰਾਂਚ 'ਚੋਂ 9 ਲੱਖ 17 ਹਜ਼ਾਰ ਰੁਪਏ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ । ਸੀਨੀਅਰ ਪੁਲਸ ਕਪਤਾਨ ਅਗਵਾਈ ਹੇਠ ਗੁਰਬੰਤ ਸਿੰਘ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਪਟਿਆਲਾ, ਇੰਦਰਪਾਲ ਸਿੰਘ ਚੌਹਾਨ ਡੀ. ਐੱਸ. ਪੀ. ਪਾਤੜਾਂ, ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਸਮਾਣਾ ਅਤੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਐਕਸਿਸ ਬੈਂਕ ਪਿੰਡ ਸ਼ੇਰਗੜ੍ਹ ਦੀ ਬ੍ਰਾਂਚ 'ਚੋਂ ਕੰਧ ਨੂੰ ਪਾੜ ਲਾ ਕੇ ਕੀਤੀ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਕੀਤੀ ਰਕਮ 'ਚੋਂ 4 ਲੱਖ ਰੁਪਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤੇ ਔਜ਼ਾਰ ਇਕ ਲੋਹਾ ਕੱਟਣ ਵਾਲੀ ਕਟਰ ਮਸ਼ੀਨ, ਇਕ ਲੈਂਟਰ ਤੋੜਨ ਵਾਲੀ ਮਸ਼ੀਨ, ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਅਤੇ ਇਕ ਸੀ. ਪੀ. ਯੂ. ਸਮੇਤ 2 ਰਾਡਾਂ ਅਤੇ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ । ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ 27/28-5-2025 ਦੀ ਦਰਮਿਆਨੀ ਰਾਤ ਨੂੰ ਪਿੰਡ ਸ਼ੇਰਗੜ੍ਹ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ 'ਚੋਂ ਪਾੜ ਲਾ ਕੇ ਅਣਪਛਾਤੇ ਵਿਅਕਤੀਆਂ ਵੱਲੋਂ 9 ਲੱਖ 17 ਹਜ਼ਾਰ ਰੁਪਏ ਚੋਰੀ ਕਰ ਲਏ ਗਏ ਸਨ । ਪੁਲਸ ਨੇ ਮੁਕੱਦਮੇ ਨੂੰ ਟਰੇਸ ਕਰਦਿਆਂ 3 ਦੋਸ਼ੀਆਂ ਅਮਿਤ ਕੁਮਾਰ ਟਾਣਕ ਪੁੱਤਰ ਜਗਦੀਸ਼ ਵਾਸੀ ਸਫੈਦੋ ਜ਼ਿਲਾ ਜੀਂਦ ਹਰਿਆਣਾ, ਅਜੇ ਕੁਮਾਰ ਉਰਫ ਛੋਟੀਆਂ ਪੁੱਤਰ ਬੀਰਾ ਰਾਮ ਵਾਸੀ ਪਿੰਡ ਕਰਸਿੱਧੂ ਥਾਣਾ ਉਚਾਣਾ ਜ਼ਿਲਾ ਜੀਂਦ ਹਰਿਆਣਾ ਅਤੇ ਮੱਖਣ ਸਿੰਘ ਪੁੱਤਰ ਬਿੱਟੂ ਉਰਫ ਬੂਟਾ ਸਿੰਘ ਵਾਸੀ ਪਿੰਡ ਦਨੋਲੀ ਥਾਣਾ ਸਦਰ ਅਸੰਧ ਜ਼ਿਲਾ ਕਰਨਾਲ ਹਰਿਆਣਾ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੀ ਰਕਮ 'ਚੋਂ 4 ਲੱਖ ਰੁਪਏ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਹੈ । ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾਂ ਵੀ 8/9 ਮੁਕੱਦਮੇ ਦਰਜ ਹਨ ।