38 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਜਾਵੇਗਾ ਸਵਦੇਸ਼ ਰਵਾਨਾ ਆਗਰਾ, 10 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਅਤੇ ਵਿਦੇਸ਼ੀ ਐਕਟ ਤਹਿਤ 3 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ 38 ਬੰਗਲਾਦੇਸ਼ੀ ਨਾਗਰਿਕਾਂ ਨੂੰ ਰਿਹਾਅ ਕਰਕੇ ਸਵਦੇਸ਼ ਭੇਜਿਆ ਜਾਵੇਗਾ। ਇਸ ਕਾਰਵਾਈ ਦੀ ਪ੍ਰਕਿਰਿਆ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ । ਆਗਰਾ ਪੁਲਸ ਅਨੁਸਾਰ ਇਨ੍ਹਾਂ 38 'ਚੋਂ 23 ਮਰਦ ਅਤੇ 7 ਔਰਤਾਂ ਜ਼ਿਲਾ ਜੇਲ 'ਚ ਸਜ਼ਾ ਕੱਟ ਰਹੀਆਂ ਸਨ, ਜਦਕਿ 8 ਨਾਬਾਲਿਗ (ਲੜਕੇ ਅਤੇ ਲੜਕੀਆਂ) ਸ਼ੈਲਟਰ ਹੋਮ 'ਚ ਰੱਖੇ ਗਏ ਸਨ । ਜਾਂਚ ਦੌਰਾਨ ਪਾਏ ਗਏ ਸੀ ਪਛਾਣ ਪੱਤਰ ਜਾਅਲੀ 3 ਸਾਲ ਦੀ ਸਜ਼ਾ ਪੂਰੀ ਹੋਣ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ 13 ਜਨਵਰੀ ਨੂੰ ਬੀ. ਐੱਸ. ਐੱਫ. ਦੇ ਹਵਾਲੇ ਕਰਕੇ ਸਰਹੱਦ ਪਾਰ ਕਰਵਾ ਕੇ ਬੰਗਲਾਦੇਸ਼ ਭੇਜਿਆ ਜਾਵੇਗਾ । ਪੁਲਸ ਦੀ ਜਾਂਚ 'ਚ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਢੰਗ ਨਾਲ ਆਗਰਾ ਦੇ ਸਿਕੰਦਰਾ ਥਾਣਾ ਖੇਤਰ 'ਚ ਝੁੱਗੀਆਂ 'ਚ ਰਹਿੰਦੇ ਸਨ ਅਤੇ ਕਬਾੜ ਦੀ ਖਰੀਦ-ਫਰੋਖਤ ਕਰਦੇ ਸਨ । ਸਰਕਾਰੀ ਦਸਤਾਵੇਜ਼ਾਂ ਦੀ ਜਾਂਚ 'ਚ ਇਨ੍ਹਾਂ ਕੋਲੋਂ ਮਿਲੇ ਪਛਾਣ ਪੱਤਰ ਜਾਅਲੀ ਪਾਏ ਗਏ ਸਨ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ ।
