
40 ਫੀਸਦੀ ਸਰੀਰਕ ਅੰਗਹੀਣਤਾ ਕਿਸੇ ਵਿਅਕਤੀ ਨੂੰ ਮੈਡੀਕਲ ਸਿੱਖਿਆ ਲੈਣ ਤੋਂ ਨਹੀਂ ਰੋਕ ਸਕਦੀ : ਸੁਪਰੀਮ ਕੋਰਟ
- by Jasbeer Singh
- October 16, 2024

40 ਫੀਸਦੀ ਸਰੀਰਕ ਅੰਗਹੀਣਤਾ ਕਿਸੇ ਵਿਅਕਤੀ ਨੂੰ ਮੈਡੀਕਲ ਸਿੱਖਿਆ ਲੈਣ ਤੋਂ ਨਹੀਂ ਰੋਕ ਸਕਦੀ : ਸੁਪਰੀਮ ਕੋਰਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ 40 ਫੀਸਦੀ ਸਰੀਰਕ ਅੰਗਹੀਣਤਾ ਕਿਸੇ ਵਿਅਕਤੀ ਨੂੰ ਮੈਡੀਕਲ ਸਿੱਖਿਆ ਲੈਣ ਤੋਂ ਨਹੀਂ ਰੋਕ ਸਕਦੀ ਬਸ਼ਰਤੇ ਮਾਹਿਰਾਂ ਦੀ ਰਿਪੋਰਟ ਵਿਚ ਉਸ ਉਮੀਦਵਾਰ ਨੂੰ ਐੱਮਬੀਬੀਐੱਸ ਦੀ ਪੜ੍ਹਾਈ ਲਈ ਅਯੋਗ ਨਾ ਠਹਿਰਾਇਆ ਗਿਆ ਹੋਵੇ। ਜਸਟਿਸ ਬੀਆਰ ਗਵਈ, ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ 18 ਸਤੰਬਰ ਦੇ ਆਪਣੇ ਫੈਸਲੇ ਲਈ ਤਫ਼ਸੀਲ ਵਿਚ ਕਾਰਨ ਦਿੱਤੇ ਹਨ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਮੈਡੀਕਲ ਬੋਰਡ ਦੀ ਹਰੀ ਝੰਡੀ ਮਗਰੋਂ ਇਕ ਉਮੀਦਵਾਰ ਨੂੰ ਐੱਮਬੀਬੀਐੱਸ ਕੋਰਸ ਵਿਚ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਸੀ। ਬੋਰਡ ਦੀ ਰਾਇ ਸੀ ਕਿ ਇਹ ਉਮੀਦਵਾਰ ਬਿਨਾਂ ਕਿਸੇ ਰੁਕਾਵਟ ਦੇ ਮੈਡੀਕਲ ਸਿੱਖਿਆ ਪੂਰੀ ਕਰ ਸਕਦਾ ਹੈ। ਬੈਂਚ ਨੇ ਕਿਹਾ ਕਿ ਜੇ ਕੋਈ ਉਮੀਦਵਾਰ ਅੰਗਹੀਣ ਹੈ ਤਾਂ ਐੱਮਬੀਬੀਐੱਸ ਕੋਰਸ ਕਰਨ ਸਬੰਧੀ ਉਸ ਦੀ ਸਮਰੱਥਾ ਦਾ ਮੁਲਾਂਕਣ ਅੰਗਹੀਣਤਾ ਅਸੈੱਸਮੈਂਟ ਬੋਰਡ ਵੱਲੋਂ ਕੀਤਾ ਜਾਵੇਗਾ।